ਵੱਡੀ ਖ਼ਬਰ: ਪੰਜਾਬ ਵਿਚ CBI ਦੀ RAID
Tuesday, May 12, 2026 - 12:22 PM (IST)
ਮਲੋਟ (ਜੁਨੇਜਾ): ਹੋਟਲ ਵਿਚ ਵਾਪਰੇ ਰਿਸ਼ਵਤ ਕਾਂਡ ਮਾਮਲੇ ਵਿਚ ਪੰਜਾਬ ਵਿਜੀਲੈਂਸ ਦੇ ਡਾਇਰੈਕਟਰ ਦੇ ਰੀਡਰ ਅਤੇ ਵਿਚੋਲੀਏ ਵਿਰੁੱਧ ਮਾਮਲਾ ਦਰਜ ਕਰਨ ਪਿੱਛੋਂ ਚੰਡੀਗੜ੍ਹ ਸੀ.ਬੀ.ਆਈ. ਦੀ ਟੀਮ ਨੇ ਮਲੋਟ ਵਿਚ ਵਿਚੋਲੀਏ ਰਾਘਵ ਗੋਇਲ ਦੇ ਘਰ ਛਾਪੇਮਾਰੀ ਕੀਤੀ। ਬੀਤੀ ਦੇਰ ਰਾਤ ਪੁੱਜੀ ਟੀਮ ਨੇ 4 ਘੰਟਿਆਂ ਤੋਂ ਵੱਧ ਕੀਤੀ ਤਲਾਸ਼ੀ ਦੌਰਾਨ ਉਸ ਦੇ ਘਰੋਂ ਨਕਦੀ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ।
ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਸੀ.ਬੀ.ਆਈ.ਚੰਡੀਗੜ੍ਹ ਦੇ ਡੀ.ਐੱਸ.ਪੀ.ਪਵਿੱਤਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਮਲੋਟ ਵਾਟਰ ਵਰਕਸ ਰੋਡ ਤੇ ਕ੍ਰਿਸ਼ਨਾ ਕਲੋਨੀ ਵਿਚ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਰਾਤ ਇਕ ਵਜੇ ਤੱਕ ਤਲਾਸ਼ੀ ਦਾ ਕੰਮ ਚੱਲਦਾ ਰਿਹਾ। ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ.ਦੀ ਟੀਮ ਨੇ ਘਰ ਵਿਚ ਮਿਲੇ 5 ਲੱਖ ਤੋਂ ਵੱਧ ਕੈਸ਼ ਅਤੇ ਦਸਤਾਵੇਜ ਆਪਣੇ ਕਬਜ਼ੇ ਵਿਚ ਲਏ। ਇਸ ਮੌਕੇ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਵਰੁਣ ਯਾਦਵ ਵੀ ਹਾਜਰ ਸਨ ਪਰ ਟੀਮ ਨੇ ਉਨ੍ਹਾਂ ਨੂੰ ਅਮਨ ਕਨੂੰਨ ਅਤੇ ਸਥਾਨਕ ਅਧਿਕਾਰੀ ਕਰਕੇ ਨਾਲ ਰੱਖਿਆ। ਜਾਣਕਾਰੀ ਅਨੁਸਾਰ ਸੀ.ਬੀ.ਆਈ.ਨੇ ਇਹ ਤਲਾਸ਼ੀ 11ਮਈ ਨੂੰ ਦਰਜ ਕੀਤੀ ਐਫ.ਆਈ.ਆਰ.ਨੰਬਰ 12/26 ਭ੍ਰਿਸ਼ਟਾਚਾਰ ਐਕਟ ਤਹਿਤ ਕੀਤੀ ਸੀ।
ਕੀ ਹੈ ਮਾਮਲਾ
ਸੀ.ਬੀ.ਆਈ. ਟੀਮ ਵੱਲੋਂ ਕੱਲ ਚੰਡੀਗੜ੍ਹ ਦੇ ਇਕ ਹੋਟਲ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇਕ ਅਧਿਕਾਰੀ ਵਿਰੁੱਧ ਜਾਂਚ ਮਾਮਲੇ ਨੂੰ ਖਤਮ ਕਰਾਉਣ ਲਈ ਚੱਲ ਰਹੀ ਡੀਲ ਤਹਿਤ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਐੱਸ.ਐੱਸ. ਚੋਹਾਨ ਦੇ ਰੀਡਰ ਓ. ਪੀ. ਰਾਣਾ ਅਤੇ ਵਿਚੋਲੀਏ ਰਾਘਵ ਗੋਇਲ 'ਤੇ ਰੇਡ ਕੀਤੀ ਸੀ। ਜਿਸ ਵਿਚ ਓ ਪੀ ਰਾਣਾ ਤਾਂ ਫਰਾਰ ਹੋ ਗਿਆ ਪਰ ਸੀ.ਬੀ.ਆਈ.ਨੇ ਰਿਸ਼ਵਤ ਦੇ 13 ਲੱਖ ਰੁਪਏ ਨਕਦੀ ਸਮੇਤ ਰਾਘਵ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਰਾਘਵ ਨਾਲ ਉਥੇ ਪੁੱਜੇ ਉਸ ਦੇ ਪਿਤਾ ਵਿਕਾਸ ਗੋਇਲ ਨੂੰ ਟੀਮ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਬਾਅਦ ਸੀ.ਬੀ.ਆਈ.ਦੀ ਟੀਮ ਵੱਲੋਂ ਵਿਜੀਲੈਂਸ ਬਿਉਰੋ ਦੇ ਮੁੱਖ ਦਫ਼ਤਰ ਵਿਚ ਓ ਪੀ ਰਾਣਾ ਦੇ ਕਮਰੇ ਦੀ ਤਲਾਸ਼ੀ ਤੋਂ ਇਲਾਵਾ ਮਲੋਟ ਵਿਖੇ ਰਾਘਵ ਗੋਇਲ ਦੇ ਘਰ ਪੁੱਜ ਕਿ ਚੈਕਿੰਗ ਕੀਤੀ।
ਕੌਣ ਹੈ ਰਾਘਵ
30 ਸਾਲਾਂ ਦਾ ਰਾਘਵ ਗੋਇਲ ਮਲੋਟ ਦੇ ਇਕ ਠੇਕੇਦਾਰ ਵਿਕਾਸ ਗੋਇਲ ਵਿੱਕੀ ਦਾ ਪੁੱਤਰ ਹੈ। ਜਿਨ੍ਹਾਂ ਦੀ ਇਕ ਪੁਰਾਣੇ ਆਈ. ਪੀ. ਐੱਸ. ਅਧਿਕਾਰੀ ਨਾਲ ਰਿਸ਼ਤੇਦਾਰੀ ਤੋਂ ਇਲਾਵਾ ਬਾਦਲ ਪਰਿਵਾਰ ਦੇ ਬਜ਼ੁਰਗ ਆਗੂ ਨਾਲ ਬਹੁਤ ਨੇੜਤਾ ਸੀ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪਰਿਵਾਰ ਦੇ ਆਉਣਾ ਜਾਣਾ ਹੈ। ਇਸ ਤੋਂ ਇਲਾਵਾ ਉਸ ਦੀ ਫੇਸਬੁੱਕ ਤੇ ਭਾਜਪਾ ਦੇ ਕਈ ਕੇਂਦਰੀ ਮੰਤਰੀਆਂ ਅਤੇ ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਸਮੇਤ ਆਗੂਆਂ ਦੀਆਂ ਫੋਟੋਆਂ ਹਨ। ਚਾਰ ਪੰਜ ਮਹੀਨੇ ਪਹਿਲੇ ਰਾਘਵ ਦੇ ਵਿਆਹ ਸਬੰਧੀ ਉਦੇਪੁਰ ਵਿਚ ਕਰਾਏ ਸਮਾਗਮ ਭਾਜਪਾ ਦਾ ਕੇਂਦਰੀ ਆਗੂ ਪੁੱਜਾ ਸੀ। ਇਸ ਤੋਂ ਪਰਿਵਾਰ ਵਾਂਗ ਇਲਾਵਾ ਉਸ ਕੋਲ 3-4 ਗੰਨਮੈਨ ਵੀ ਹਨ। ਸੀ.ਬੀ.ਆਈ.ਵੱਲੋਂ ਕੁਝ ਮਹੀਨੇ ਪਹਿਲਾਂ ਗ੍ਰਿਫਤਾਰ ਡੀ.ਆਈ.ਜੀ.ਹਰਚਰਨ ਸਿੰਘ ਭੁੱਲਰ ਨਾਲ ਉਸ ਦੇ ਵਿਚੋਲੀਏ ਕ੍ਰਿਸ਼ਾਨੂੰ ਵਾਂਗ ਰਾਘਵ ਗੋਇਲ ਦੀਆਂ ਵੀ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਸਮੇਤ ਕਈ ਆਈ. ਪੀ. ਐੱਸ. ਅਤੇ ਆਈ. ਏ. ਐੱਸ. ਅਧਿਕਾਰੀਆਂ ਨਾਲ ਨਜਦੀਕੀਆਂ ਹਨ।
