ਐਂਬੂਲੈਂਸ ਨਾ ਮਿਲਣ ''ਤੇ ਫਿਰ ਖੁਲ੍ਹੇ ਸਿਸਟਮ ਦੇ ਕਾਲੇ ਚਿੱਠੇ! ਰੇਹੜੀ ’ਤੇ ਹਸਪਤਾਲ ਲਿਜਾਣਾ ਪਿਆ ਮਰੀਜ਼

Sunday, Sep 14, 2025 - 03:58 PM (IST)

ਐਂਬੂਲੈਂਸ ਨਾ ਮਿਲਣ ''ਤੇ ਫਿਰ ਖੁਲ੍ਹੇ ਸਿਸਟਮ ਦੇ ਕਾਲੇ ਚਿੱਠੇ! ਰੇਹੜੀ ’ਤੇ ਹਸਪਤਾਲ ਲਿਜਾਣਾ ਪਿਆ ਮਰੀਜ਼

ਗੋਨਿਆਣਾ ਮੰਡੀ (ਗੋਰਾ ਲਾਲ): ਸਿਹਤ ਵਿਭਾਗ ਦੀਆਂ ਕਥਿਤ ਵੱਡੀਆਂ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਦੇ ਦਾਅਵਿਆਂ ਦੇ ਦੌਰ ਵਿਚ ਵੀ ਹਕੀਕਤ ਦਾ ਨੰਗਾ ਸੱਚ ਲੋਕਾਂ ਦੀ ਜਾਨ ਨਾਲ ਖੇਡਦਾ ਸਾਹਮਣੇ ਆਇਆ, ਜਦੋਂ ਮੰਡੀ ਦੀ ਨੀਮ ਵਾਲੀ ਗਲੀ ਨੇੜੇ ਇਕ ਵਿਅਕਤੀ, ਜੋ ਤੇਲ ਮੰਗ ਰਿਹਾ ਸੀ, ਅਚਾਨਕ ਦੌਰੇ ਦਾ ਸ਼ਿਕਾਰ ਹੋ ਕੇ ਸੜਕ ਉੱਤੇ ਡਿੱਗ ਪਿਆ ਅਤੇ ਹਾਲਤ ਬਹੁਤ ਗੰਭੀਰ ਹੋ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ 108 ਐਂਬੂਲੈਂਸ ਸੇਵਾ ਨੂੰ ਫੋਨ ਕੀਤਾ, ਪਰ ਸ਼ਰਮਨਾਕ ਗੱਲ ਇਹ ਰਹੀ ਕਿ ਕਾਫੀ ਦੇਰ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਐਂਬੂਲੈਂਸ ਨਾ ਪਹੁੰਚੀ। ਲੋਕਾਂ ਨੇ ਬੇਬਸੀ ਨਾਲ ਉਡੀਕ ਕੀਤੀ, ਪਰ ਹਕੀਕਤ ਨੇ ਇਹ ਸਾਬਤ ਕਰ ਦਿੱਤਾ ਕਿ ਐਮਰਜੈਂਸੀ ਦੇ ਸਮੇਂ ਸਰਕਾਰੀ ਪ੍ਰਣਾਲੀ ਲੋਕਾਂ ਨੂੰ ਕੇਵਲ ਮਰਨ ਲਈ ਛੱਡ ਦਿੰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਦਹਿਲ ਗਏ ਲੋਕ

ਹਾਲਾਤ ਵਿਗੜਦੇ ਦੇਖ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਕੋਈ ਰਸਤਾ ਨਾ ਦੇਖ ਕੇ ਸਮਾਜਸੇਵੀ ਵਿਪਨ ਕੁਮਾਰ ਚੀਕੂ ਅੱਗੇ ਆਏ। ਉਨ੍ਹਾਂ ਨੇ ਬਿਨਾਂ ਦੇਰ ਕੀਤੇ ਇਕ ਮੋਟਰਸਾਈਕਲ ਰੇਹੜੀ ਦਾ ਪ੍ਰਬੰਧ ਕੀਤਾ ਤੇ ਮਰੀਜ਼ ਨੂੰ ਉਸੇ ’ਤੇ ਚੁੱਕ ਕੇ ਹਸਪਤਾਲ ਪਹੁੰਚਾਇਆ। ਇਹ ਨਜ਼ਾਰਾ ਦੇਖ ਕੇ ਲੋਕ ਹੈਰਾਨ ਵੀ ਰਹੇ ਅਤੇ ਸਿਸਟਮ ਦੀਆਂ ਨਾਕਾਮੀਆਂ ਉੱਤੇ ਗੁੱਸੇ ਨਾਲ ਭਰ ਉੱਠੇ। ਸਮਾਜਸੇਵੀ ਵਿਪਨ ਕੁਮਾਰ ਚੀਕੂ ਨੇ ਖੁੱਲ੍ਹ ਕੇ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿਚ ਵੀ ਜਦੋਂ ਐਂਬੂਲੈਂਸ ਵਰਗੀ ਬੁਨਿਆਦੀ ਸੇਵਾ ਸਮੇਂ ਉੱਤੇ ਨਹੀਂ ਮਿਲਦੀ, ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਲੋਕਾਂ ਨੇ ਵੀ ਇਸ ਘਟਨਾ ਨੂੰ ਲੈ ਕੇ ਗਹਿਰਾ ਰੋਸ ਜ਼ਾਹਰ ਕੀਤਾ ਅਤੇ ਸਾਫ਼ ਸ਼ਬਦਾਂ ਵਿਚ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਂਬੂਲੈਂਸ ਸੇਵਾ ਦੀ ਲਾਪਰਵਾਹੀ ’ਤੇ ਤੁਰੰਤ ਕਾਰਵਾਈ ਹੋਵੇ ਅਤੇ ਇਸ ਪ੍ਰਣਾਲੀ ਨੂੰ ਇਸ ਤਰ੍ਹਾਂ ਸੁਧਾਰਿਆ ਜਾਵੇ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਦੀ ਜਾਨ ਬੇਵਜ੍ਹਾ ਨਾ ਜਾਵੇ। ਲੋਕਾਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਜੇ ਸਮਾਜਸੇਵੀ ਸਮੇਂ ਸਿਰ ਮੈਦਾਨ ਵਿਚ ਨਾ ਉਤਰਦਾ ਤਾਂ ਇਹ ਵਿਅਕਤੀ ਵੀ ਸਰਕਾਰੀ ਲਾਪਰਵਾਹੀ ਦੀ ਭੇਂਟ ਚੜ੍ਹ ਜਾਂਦਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਏ ਧਮਾਕੇ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸੇ! ਕੇਂਦਰੀ ਏਜੰਸੀਆਂ ਦੇ ਵੀ ਉੱਡੇ ਹੋਸ਼

ਇਹ ਮਾਮਲਾ ਸਿਰਫ਼ ਇਕ ਵਿਅਕਤੀ ਦੀ ਬਿਮਾਰੀ ਦਾ ਨਹੀਂ, ਬਲਕਿ ਪੂਰੇ ਸਿਸਟਮ ਦੇ ਚਿਹਰੇ ਨੂੰ ਬੇਨਕਾਬ ਕਰਦਾ ਹੈ ਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਚੱਲਣ ਵਾਲੀ ਐਮਰਜੈਂਸੀ ਸੇਵਾ ਕਾਗਜ਼ੀ ਕਾਰਵਾਈਆਂ ਅਤੇ ਦਿਖਾਵੇ ਤੋਂ ਅੱਗੇ ਨਹੀਂ ਵੱਧ ਰਹੀ। ਐਂਬੂਲੈਂਸ ਜਿਹੀ ਬੁਨਿਆਦੀ ਲੋੜ ਸਮੇਂ ’ਤੇ ਨਾ ਪਹੁੰਚੇ ਤਾਂ ਸਰਕਾਰ ਦੇ ਸਾਰੇ ਦਾਅਵੇ ਸਿਰਫ਼ ਝੂਠੇ ਸਾਬਤ ਹੁੰਦੇ ਹਨ। ਹਕੀਕਤ ਇਹ ਹੈ ਕਿ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਸਮਾਜਸੇਵੀਆਂ ਤੇ ਸਾਧਾਰਨ ਲੋਕਾਂ ਦੀ ਮਨੁੱਖਤਾ ਉੱਤੇ ਹੀ ਭਰੋਸਾ ਕਰਨਾ ਪੈਂਦਾ ਹੈ। ਇਸ ਘਟਨਾ ਨੇ ਗੋਨਿਆਣਾ ਹੀ ਨਹੀਂ, ਸਗੋਂ ਪੂਰੇ ਇਲਾਕੇ ਵਿਚ ਚਰਚਾ ਨੂੰ ਜਨਮ ਦਿੱਤਾ ਹੈ ਕਿ ਜਦੋਂ ਬੁਨਿਆਦੀ ਸਿਹਤ ਸਹੂਲਤਾਂ ਹੀ ਨਹੀਂ ਮਿਲਣੀਆਂ, ਤਾਂ ਫਿਰ ਸਰਕਾਰ ਲੋਕਾਂ ਤੋਂ ਟੈਕਸਾਂ ਦੇ ਨਾਂ ’ਤੇ ਪੈਸਾ ਕਿਉਂ ਲੈਂਦੀ ਹੈ? ਇਹ ਮਾਮਲਾ ਸਾਫ਼ ਤੌਰ ’ਤੇ ਦਿਖਾਉਂਦਾ ਹੈ ਕਿ ਸਿਸਟਮ ਦੀ ਲਾਪਰਵਾਹੀ ਲੋਕਾਂ ਦੀ ਜਾਨ ਨਾਲ ਖੇਡਣ ਤੋਂ ਵੀ ਨਹੀਂ ਹਿਚਕਦੀ, ਪਰ ਲੋਕ ਹੁਣ ਚੁੱਪ ਨਹੀਂ ਰਹਿਣਗੇ, ਉਨ੍ਹਾਂ ਨੇ ਪ੍ਰਸ਼ਾਸਨ ਉੱਤੇ ਦਬਾਅ ਬਣਾਉਣ ਦਾ ਇਸ਼ਾਰਾ ਦਿੱਤਾ ਹੈ ਕਿ ਜੇ ਸੇਵਾਵਾਂ ਵਿਚ ਤੁਰੰਤ ਸੁਧਾਰ ਨਾ ਹੋਏ, ਤਾਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਹੋਣਾ ਲਾਜ਼ਮੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News