ਅਕਾਲੀ ਸਿਆਸਤ ਨੇ ਲਈ ਨਵੀਂ ਕਰਵਟ: ‘ਵਾਰਿਸ ਪੰਜਾਬ’ ਤੇ ‘ਪੁਨਰ-ਸੁਰਜੀਤ’ ਧਿਰਾਂ ਵਿਚਾਲੇ ਰਣਨੀਤਕ ਗੱਠਜੋੜ
Saturday, Apr 18, 2026 - 09:34 PM (IST)
ਚੌਂਕੀਮਾਨ (ਗਗਨਦੀਪ) - ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਨਵੀਂ ਕਰਵਟ ਦਿੰਦਿਆਂ ਅੱਜ ਦੋ ਪ੍ਰਮੁੱਖ ਪੰਥਕ ਧਿਰਾਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੇ ਆਪਸੀ ਮਤਭੇਦਾਂ ਨੂੰ ਦਰਕਿਨਾਰ ਕਰਦਿਆਂ ‘ਪੰਥਕ ਏਕਤਾ ਤਾਲਮੇਲ ਕਮੇਟੀ’ ਦੇ ਰੂਪ ਵਿਚ ਰਣਨੀਤਕ ਗੱਠਜੋੜ ਦਾ ਐਲਾਨ ਕਰ ਦਿੱਤਾ ਹੈ। ਇਸ ਨਵੀਂ ਬਣੀ ਕਮੇਟੀ ਦੀ ਕਮਾਨ ਸਰਬਸੰਮਤੀ ਨਾਲ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸੌਂਪੀ ਗਈ ਹੈ। ਇਸ ਫੈਸਲੇ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ ਹੈ।
ਸਿਆਸੀ ਮਾਹਿਰ ਇਸ ਇਕੱਠ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਅਹਿਮ ਮੋੜ ਵਜੋਂ ਦੇਖ ਰਹੇ ਹਨ। ਲੰਬੇ ਸਮੇਂ ਤੋਂ ਖੇਰੂੰ-ਖੇਰੂੰ ਹੋਈ ਪੰਥਕ ਵੋਟ ਨੂੰ ਇਕ ਮੰਚ ’ਤੇ ਲਿਆਉਣ ਦੀ ਇਹ ਵੱਡੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਜੇਕਰ ਇਹ ਤਾਲਮੇਲ ਕਮੇਟੀ ਪੰਥਕ ਵੋਟਾਂ ਦਾ ਧਰੁਵੀਕਰਨ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਰਵਾਇਤੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੱਡੀ ਚੁਣੌਤੀ ਸਾਬਿਤ ਹੋ ਸਕਦੀ ਹੈ।
ਹੁਕਮਨਾਮੇ ਦੀ ਭਾਵਨਾ ਤਹਿਤ ਹੋਈ ਏਕਤਾ : ਇਯਾਲੀ
ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ ਇਹ ਗੱਠਜੋੜ ਮਹਿਜ਼ ਸਿਆਸੀ ਲਾਹੇ ਲਈ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦੀ ਭਾਵਨਾ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰਨਾ ਅਤੇ ਸੂਬੇ ਦੀ ਖੇਤਰੀ ਸਿਆਸਤ ਨੂੰ ਮੁੜ ਸੁਰਜੀਤ ਕਰਨਾ ਹੈ।
