ਪੰਜਾਬ ''ਚ ਡਾਕਾ ਮਾਰਨ ਆਏ ਲੁਟੇਰਿਆਂ ਵੱਲੋਂ ਪੁਲਸ ਮੁਲਾਜ਼ਮਾਂ ''ਤੇ ਹਮਲਾ, ਚੱਲੀਆਂ ਗੋਲ਼ੀਆਂ
Wednesday, May 20, 2026 - 01:01 PM (IST)
ਲੁਧਿਆਣਾ (ਰਾਜ): ਲੁਧਿਆਣਾ ਦੇ ਨੂਰਵਾਲਾ ਰੋਡ 'ਤੇ ਚਾਰ ਤੋਂ ਪੰਜ ਨਕਾਬਪੋਸ਼ ਲੁਟੇਰਿਆਂ ਨੇ ਐਕਸਿਸ ਬੈਂਕ ਦੇ ਏ.ਟੀ.ਐੱਮ. ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਬਦਮਾਸ਼ਾਂ ਨੇ ਆਧੁਨਿਕ ਗੈਸ ਕਟਰ ਨਾਲ ਏ.ਟੀ.ਐੱਮ. ਕੱਟਣਾ ਸ਼ੁਰੂ ਕੀਤਾ, ਜਿਸ ਕਾਰਨ ਮਸ਼ੀਨ ਬੁਰੀ ਤਰ੍ਹਾਂ ਸੜ ਗਈ। ਜਿਵੇਂ ਹੀ ਮਸ਼ੀਨ ਨਾਲ ਛੇੜਛਾੜ ਹੋਈ, ਮੁੰਬਈ ਸਥਿਤ ਬੈਂਕ ਦੇ ਮੁੱਖ ਕੰਟਰੋਲ ਰੂਮ ਵਿਚ ਇਕ ਆਟੋਮੈਟਿਕ ਅਲਰਟ ਵੱਜਿਆ, ਜਿਸ ਤੋਂ ਬਾਅਦ ਮੁੰਬਈ ਦੇ ਅਧਿਕਾਰੀਆਂ ਨੇ ਤੁਰੰਤ ਲੁਧਿਆਣਾ ਪੁਲਸ ਨੂੰ ਸੂਚਿਤ ਕੀਤਾ।
ਜਿਵੇਂ ਹੀ ਥਾਣਾ ਬਸਤੀ ਜੋਧੇਵਾਲ ਦੀ ਪੀ.ਸੀ.ਆਰ. ਗੱਡੀ ਮੌਕੇ 'ਤੇ ਪਹੁੰਚੀ, ਲੁਟੇਰੇ ਨਕਦੀ ਉੱਥੇ ਹੀ ਛੱਡ ਕੇ ਆਪਣੀ ਗੱਡੀ ਵਿਚ ਭੱਜਣ ਲੱਗੇ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕੀਤਾ। ਹੜਬੜਾਹਟ ਵਿਚ ਲੁਟੇਰਿਆਂ ਨੇ ਆਪਣੀ ਗੱਡੀ ਇਕ ਬੰਦ ਗਲੀ ਵਿਚ ਵਾੜ ਦਿੱਤੀ। ਜਦੋਂ ਉਨ੍ਹਾਂ ਨੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਤਾਂ ਪੁਲਸ ਨੇ ਉਨ੍ਹਾਂ ਦਾ ਰਾਹ ਬਲੌਕ ਕਰ ਦਿੱਤਾ।
ਜਦੋਂ ਪੀਸੀਆਰ ਵਿਚ ਤਾਇਨਾਤ ਇਕ ASI ਰੈਂਕ ਦੇ ਅਧਿਕਾਰੀ ਬਹਾਦਰੀ ਨਾਲ ਬਦਮਾਸ਼ਾਂ ਨੂੰ ਫੜਨ ਲਈ ਅੱਗੇ ਵਧੇ, ਤਾਂ ਮੁਲਜ਼ਮਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਖੁਦ ਨੂੰ ਘਿਰਿਆ ਦੇਖ ਕੇ ਲੁਟੇਰਿਆਂ ਨੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਦੂਜੇ ਪੁਲਸ ਮੁਲਾਜ਼ਮ ਨੇ ਸਥਾਨਕ ਲੋਕਾਂ ਦੀ ਮਦਦ ਲੈਣ ਲਈ ਆਲੇ-ਦੁਆਲੇ ਦੇ ਘਰਾਂ ਦੇ ਦਰਵਾਜ਼ੇ ਵੀ ਖੜਕਾਏ।
ਪੁਲਸ ਅਤੇ ਲੋਕਾਂ ਦਾ ਘੇਰਾ ਮਜ਼ਬੂਤ ਹੁੰਦਾ ਦੇਖ ਕੇ ਲੁਟੇਰੇ ਲਗਾਤਾਰ ਫਾਇਰਿੰਗ ਕਰਦੇ ਰਹੇ ਅਤੇ ਹਨੇਰੇ ਦਾ ਫਾਇਦਾ ਚੁੱਕ ਕੇ ਆਪਣੀ ਗੱਡੀ ਸਮੇਤ ਭੱਜਣ ਵਿਚ ਕਾਮਯਾਬ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਉੱਚ ਪੁਲਸ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਪੁਲਸ ਪੂਰੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੇ ਕੁਝ ਸੁਰਾਗ ਹੱਥ ਲੱਗੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
