ਸਮੂਹ ਨਾਗਰਿਕਾਂ ਨੂੰ ‘ਮਿਸ਼ਨ ਫ਼ਤਿਹ’ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ : ਡਿਪਟੀ ਕਮਿਸ਼ਨਰ
Tuesday, Jun 16, 2020 - 05:15 PM (IST)
ਸੰਗਰੂਰ(ਵਿਜੈ ਕੁਮਾਰ ਸਿੰਗਲਾ) - ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਣ ਮਗਰੋੋਂ ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਨੂੰ ਜ਼ਿਲ੍ਹਾ ਪੱਧਰ ’ਤੇ ਲਾਗੂ ਕਰਨ ਲਈ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਮਾਰਟ ਫੋਨਾਂ ਉੱਪਰ ਕੋਵਾ ਐਪ ਡਾਊਨਲੋਡ ਕਰਨ ਤਾਂ ਜੋ ਮਿਸ਼ਨ ਫਤਿਹ ਦੇ ਯੋਧਿਆਂ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਹਿੱਸਾ ਲਿਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਸਮੇਤ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਸਬ-ਡਵੀਜ਼ਨ ਪੱਧਰ ’ਤੇ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਦੇ ਮਿਸ਼ਨ ਫਤਿਹ ਦੇ ਬੈਜ ਵੀ ਲਗਾਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਹਰਾਉਣ ਲਈ ਮਿਸ਼ਨ ਫਤਿਹ ਮੁਹਿੰਮ ਨੂੰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਘਰ-ਘਰ ਤੱਕ ਫੇੈਲਾਇਆ ਜਾ ਰਿਹਾ ਹੈ ਅਤੇ ਇਸ ਵਿਚ ਹਰ ਇੱਕ ਵਿਅਕਤੀ ਦਾ ਯੋਗਦਾਨ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਦੀ ਲੜਾਈ ਵਿਚ ਆਪਣਾ ਹਿੱਸਾ ਪਾਉਣ ਵਾਲੇ 5000 ਕੋਰੋਨਾ ਯੋਧਿਆਂ ਨੁੂੰ ਬੈਜਾਂ ਦੀ ਵੰਡ ਕੀਤੀ ਜਾ ਰਹੀ ਹੈ। ਇਹ ਬੈਜ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਵੱਲੋ ਕੋਰੋਨਾ ਦੌਰਾਨ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਨੂੰ ਵੰਡੇ ਜਾਣਗੇ। ਇਸ ਵਿੱਚ ਆਂਗਣਵਾੜੀ ਵਰਕਰ, ਸਰਪੰਚ, ਗੈਰ ਸਰਕਾਰੀ ਸੇਵਾ ਸੰਸਥਾਵਾਂ, ਪੁਲਿਸ ਵਿਭਾਗ, ਇਲਾਕਾ ਭਲਾਈ ਕਮੇਟੀਆਂ ਆਦਿ ਸ਼ਾਮਿਲ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਦੇ ਜੇਤੂ ਯੋਧਿਆਂ ਨੂੰ ਟੀ ਸ਼ਰਟ ਅਤੇ ਸਰਟੀਫਿਕੇਟ ਵੰਡੇ ਜਾਣਗੇ। ਇਨ੍ਹਾਂ ਸਰਟੀਫਿਕੇਟਾਂ ’ਤੇ ਮਿਸ਼ਨ ਫਤਿਹ ਯੋਧਿਆਂ ਦੀ ਫੋਟੋ ਹੋਵੇਗੀ ਜਿਸ ਉੱਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹਸਤਾਖਰ ਵੀ ਹੋਣਗੇ। ਇਸ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਸਰਟੀਫਿਕੇਟ ਵੰਡੇ ਜਾਣਗੇ। ਇਸ ਵਿੱਚ ਭਾਗ ਲੈਣ ਲਈ ਚਾਹਵਾਨ ਆਪਣੀ ਰਜਿਸਟੇਸ਼ਨ 17 ਜੂਨ ਤੋ ਕੋਵਾ ਐਪਲੀਕੇਸ਼ਨ ਉੱਤੇ ਮਿਸ਼ਨ ਫਤਿਹ ਵਰੀਅਰਜ਼ ਦੇ ਸਿਰਲੇਖ ਹੇਠ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਤਾ ਦੌਰਾਨ ਰੋਜਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਮਾਸਕ ਪਾਉਣਾ, ਹੱਥ ਧੋਣੇ, ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਪੁਆਇੰਟ ਕੋਵਾ ਐਪ ਉੱਤੇ ਹੀ ਦਿੱਤੇ ਜਾਣਗੇ। ਇਨ੍ਹਾਂ ਪੁਆਇੰਟਾਂ ਨੂੰ ਰੋਜਾਨਾ ਦੇ ਹਿਸਾਬ ਨਾਲ ਜੋੜਿਆ ਜਾਵੇਗਾ ਅਤੇ ਸਭ ਤੋ ਵੱਧ ਪੁਆਇੰਟ ਲੈਣ ਵਾਲੇ ਨੂੰ ਮਿਸ਼ਨ ਫਤਿਹ ਵਰੀਅਰ ਵਜੋ ਸਰਟੀਫਿਕੇਟ ਅਤੇ ਟੀ ਸ਼ਰਟ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਣਾਉਣਾ ਯਕੀਨੀ ਬਣਾਇਆ ਜਾਵੇ, ਜਿਵੇ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਹਂੈਡ ਸੇਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ ਅਤੇ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਐਸ.ਡੀ.ਐਮ ਧੂਰੀ ਲਤੀਫ਼ ਅਹਿਮਦ, ਐਸ.ਡੀ.ਐਮ ਦਿੜ੍ਹਬਾ ਮਨਜੀਤ ਸਿੰਘ, ਐਸ.ਡੀ.ਐਮ ਭਵਾਨੀਗੜ੍ਹ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਦੇਵਦਰਸ਼ਦੀਪ ਸਿੰਘ ਵੀ ਹਾਜ਼ਰ ਸਨ।