ਅਕਾਲੀ ਦਲ ਤੇ ''ਆਪ'' ਪੰਜਾਬ ਵਿਚ ਖੇਰੂੰ-ਖੇਰੂੰ ਹੋਏ : ਧਰਮਸੌਤ

10/18/2018 12:04:16 PM

ਨਾਭਾ (ਜੈਨ)—ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਲਗਭਗ ਅੱਧੀ ਦਰਜਨ ਸਮਾਗਮਾਂ ਵਿਚ ਹਿੱਸਾ ਲੈਣ ਤੋਂ ਬਾਅਦ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂ ਸੂਬੇ ਦਾ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ ਪਰ ਕੈਪਟਨ ਸਰਕਾਰ ਕਿਸੇ ਨੂੰ ਵੀ ਅਜਿਹੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕਾਲੇ ਦਿਨਾਂ ਦੌਰਾਨ ਪੰਜਾਬ ਵਾਸੀਆਂ ਨੇ 10-12 ਸਾਲ ਲਗਾਤਾਰ ਸੰਤਾਪ ਭੋਗਿਆ। ਸ਼ਹਾਦਤਾਂ ਦੇ ਕੇ ਅਮਨ-ਸ਼ਾਂਤੀ ਕਾਇਮ ਹੋਈ ਪਰ ਹੁਣ ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਧਰਮਸੌਤ ਨੇ ਕਿਹਾ ਕਿ ਬਲਾਕ ਸੰਮਤੀ/ਜ਼ਿਲਾ ਪ੍ਰੀਸ਼ਦ ਚੋਣਾਂ ਵਿਚ 'ਆਪ' ਤੇ ਅਕਾਲੀ ਦਲ ਖੇਰੂੰ-ਖੇਰੂੰ ਹੋ ਗਿਆ। ਬਾਦਲ ਪਰਿਵਾਰ ਦੀ ਕਿਰਕਿਰੀ ਹੋ ਰਹੀ ਹੈ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਾਦਲ ਪਰਿਵਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਲਈ ਗੰਭੀਰ ਹੈ। ਚੋਣਾਂ ਸਮੇਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਧਿਆਪਕਾਂ ਨੂੰ ਭੜਕਾ ਰਹੇ ਹਨ। ਪਿਛਲੇ 10 ਸਾਲਾਂ ਦੌਰਾਨ ਤਾਂ ਅਕਾਲੀਆਂ ਨੇ ਕਿਸੇ ਵਰਗ ਦੀ ਸੁਣਵਾਈ ਨਹੀਂ ਕੀਤੀ ਪਰ ਹੁਣ ਫੋਕੀ ਸ਼ੋਹਰਤ ਪ੍ਰਾਪਤ ਕਰਨ ਲਈ ਧਰਨਾਕਾਰੀਆਂ ਦਾ ਸਮਰਥਨ ਕਰ ਰਹੇ ਹਨ।

ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੇ ਸਕੱਤਰ ਨਰੇਸ਼ ਗੁਪਤਾ, ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਮੁਸਲਿਮ ਵੈੱਲਫੇਅਰ ਸੋਸਾਇਟੀ ਆਗੂ ਮੁਸ਼ਤਾਕ ਅਲੀ ਕਿੰਗ, ਮਾਸਟਰ ਕਰਨੇਲ ਸਿੰਘ ਮੈਂਬਰ ਬਲਾਕ ਸੰਮਤੀ, ਇੰਦਰਜੀਤ ਚੀਕੂ ਪ੍ਰਧਾਨ ਯੂਥ ਕਾਂਗਰਸ, ਸੀਨੀਅਰ ਕੌਂਸਲਰ ਤੇ ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਗੌਤਮ ਬਾਤਿਸ਼ ਸਾਬਕਾ ਕੌਂਸਲ ਪ੍ਰਧਾਨ ਤੇ ਹੋਰ ਆਗੂ ਹਾਜ਼ਰ ਸਨ, ਜਿਨ੍ਹਾਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।


Related News