ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਗਰਦਨ ''ਚ ਫਸੀ ਚਾਈਨਾ ਡੋਰ, ਵਾਲ-ਵਾਲ ਬਚੀ ਜਾਨ

Saturday, Jan 31, 2026 - 07:35 PM (IST)

ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਗਰਦਨ ''ਚ ਫਸੀ ਚਾਈਨਾ ਡੋਰ, ਵਾਲ-ਵਾਲ ਬਚੀ ਜਾਨ

ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣੋਂ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਮਾਰਕੀਟ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਖ਼ਤਰਨਾਕ ਚਾਈਨਾ ਡੋਰ ਉਨ੍ਹਾਂ ਦੇ ਗਲੇ ਵਿੱਚ ਆ ਕੇ ਫਸ ਗਈ। ਐਡਵੋਕੇਟ ਧਾਰਨੀ ਨੇ ਦੱਸਿਆ ਕਿ ਉਹ ਸਕੂਟਰ ਬਹੁਤ ਹੌਲੀ ਚਲਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਤੁਰੰਤ ਚੌਕਸੀ ਵਰਤਦਿਆਂ ਆਪਣੇ ਹੱਥ ਨਾਲ ਡੋਰ ਨੂੰ ਤੋੜ ਦਿੱਤਾ ਅਤੇ ਇੱਕ ਵੱਡੇ ਹਾਦਸੇ ਤੋਂ ਬਚ ਗਏ।

ਪ੍ਰਸ਼ਾਸਨ ਤੇ ਪੁਲਿਸ ਦੀ ਕਾਰਜਗੁਜ਼ਾਰੀ 'ਤੇ ਖੜ੍ਹੇ ਕੀਤੇ ਸਵਾਲ
ਇਸ ਘਟਨਾ ਤੋਂ ਬਾਅਦ ਐਡਵੋਕੇਟ ਧਾਰਨੀ ਨੇ ਪੁਲਸ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪੁੱਛਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਸ਼ਰੇਆਮ ਵਿਕ ਰਹੀ ਚਾਈਨਾ ਡੋਰ ਨੂੰ ਰੋਕਣ ਲਈ ਹੁਣ ਤੱਕ ਕਿੰਨੀਆਂ ਚੈਕਿੰਗਾਂ ਕੀਤੀਆਂ ਗਈਆਂ? ਪੁਲਸ ਵੱਲੋਂ ਇਸ ਨਾਜਾਇਜ਼ ਡੋਰ ਦੇ ਕਿੰਨੇ ਗੁੱਟੇ ਫੜੇ ਗਏ ਹਨ?

ਸਰਕਾਰੀ ਦਾਅਵੇ ਜ਼ਮੀਨੀ ਪੱਧਰ 'ਤੇ ਫੇਲ੍ਹ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਦੇ ਕੀਤੇ ਜਾ ਰਹੇ ਦਾਅਵੇ ਬਿਲਕੁਲ ਫੇਲ੍ਹ ਸਾਬਤ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਲੋਕਾਂ ਨੇ ਸ਼ਰੇਆਮ ਇਸ ਡੋਰ ਦੀ ਵਰਤੋਂ ਕੀਤੀ, ਜਿਸ ਕਾਰਨ ਕਈ ਲੋਕ ਜ਼ਖਮੀ ਹੋਏ ਅਤੇ ਕਈਆਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਸਿਰਫ਼ ਲਾਊਡ ਸਪੀਕਰਾਂ ਰਾਹੀਂ ਐਲਾਨ ਕਰਨ ਤੱਕ ਸੀਮਤ ਰਹੀ ਅਤੇ ਪਤੰਗਬਾਜ਼ਾਂ ਨੂੰ ਰੋਕਣ ਵਿੱਚ ਅਸਫਲ ਰਹੀ।

ਸਖ਼ਤ ਕਾਰਵਾਈ ਦੀ ਮੰਗ
ਐਡਵੋਕੇਟ ਧਾਰਨੀ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਨੂੰ ਮੁਕੰਮਲ ਤੌਰ 'ਤੇ ਬੈਨ ਕਰਨ ਲਈ ਜ਼ਿਲ੍ਹਿਆਂ ਦੀਆਂ ਹੱਦਾਂ ਅਤੇ ਬਾਜ਼ਾਰਾਂ ਵਿੱਚ ਇਸ ਦੀ ਐਂਟਰੀ ਬੰਦ ਕੀਤੀ ਜਾਵੇ। ਜੇਕਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸ 'ਤੇ ਬਿਨਾਂ ਦੇਰੀ ਕਤਲ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News