ਮਾਮਲਾ ਹਾਦਸੇ 'ਚ ਹੋਈ ਲੜਕੇ ਦੀ ਮੌਤ ਦਾ, ਪਿੰਡ ਵਾਸੀਆਂ ਨੇ ਮੇਨ ਚੌਂਕ 'ਤੇ ਕੀਤਾ ਬੰਦ (ਵੀਡੀਓ)

07/21/2018 9:55:42 AM

ਬਾਘਾਪੁਰਾਣਾ (ਰਾਕੇਸ਼) - ਕਾਲੇਕੇ ਰੋਡ 'ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ 'ਚ ਲੜਕੇ ਦੀ ਹੋਈ ਮੌਤ ਦੇ ਰੋਸ ਵਜੋਂ ਪਿੰਡ ਕਾਲੇਕੇ ਦੇ ਲੋਕਾਂ ਨੇ ਮੇਨ ਚੌਂਕ 'ਚ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਵ੍ਹੀਕਲ ਸਵਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ। 
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਤੇਜ ਰਫਤਾਰ ਗੱਡੀ ਵੱਜਣ ਨਾਲ ਮੌਕੇ 'ਤੇ ਮੌਤ ਹੋ ਗਈ ਸੀ ਅਤੇ 2 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕਰਨ ਕਰਕੇ ਪਿੰਡ ਵਾਸੀਆਂ 'ਚ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਜਦ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। 
ਇਸ ਧਰਨੇ ਕਾਰਨ ਵ੍ਹੀਕਲਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਧਰਨੇ ਨੂੰ ਚੁਕਵਾਉਣ ਲਈ ਡੀ. ਐੱਸ. ਪੀ. ਸੁਖਦੀਪ ਸਿੰਘ ਅਤੇ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਧਰਨਾਕਾਰੀਆਂ ਦੇ ਆਗੂਆਂ ਨਾਲ ਗੱਲ ਕੀਤੀ ਪਰ ਭੜਕੇ ਲੋਕਾਂ ਨੇ ਧਰਨਾ ਜਾਰੀ ਰੱਖਿਆ। ਡੀ. ਐੱਸ. ਪੀ. ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਦੋਸ਼ੀ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਰਨਾਕਾਰੀਆਂ 'ਚ ਮੇਜਰ ਸਿੰਘ ਕਾਲੇਕੇ, ਬਚਿੱਤਰ ਸਿੰਘ ਕਾਲੇਕੇ, ਦੀਪਕ ਸਮਾਲਸਰ, ਹਰਬੰਸ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ ਆਦਿ ਲੋਕ ਸ਼ਾਮਲ ਸਨ।


Related News