ਨੌਸਰਬਾਜ਼ ਦੁਕਾਨ ਤੋਂ 2 ਮੋਬਾਇਲ ਲੈ ਕੇ ਫਰਾਰ

09/16/2019 9:26:59 PM

ਗੁਰੂਹਰਸਹਾਏ, (ਆਵਲਾ)- ਸ਼ਹਿਰ ਤੇ ਆਸ-ਪਾਸ ਦੇ ਖੇਤਰ 'ਚ ਦਿਨੋ-ਦਿਨ ਲੁੱਟਾਂ-ਖੋਹਾਂ ਦੀਆ ਵਾਰਦਾਤਾਂ ਵਧ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦ ਦਿਨ-ਦਿਹਾੜੇ ਇਕ ਮੋਬਾਇਲਾਂ ਦੀ ਦੁਕਾਨ 'ਚ ਦੋ ਲੁਟੇਰੇ ਦਾਖਲ ਹੋ ਕੇ ਮੋਬਾਇਲ ਦੇਖਣ ਦੇ ਬਹਾਨੇ 2 ਮੋਬਾਇਲ ਲੈ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਧੀਰਜ ਮੋਂਗਾ ਨੇ ਦੱਸਿਆ ਕਿ ਉਸ ਦੀ ਸ਼ਿਵ ਟੈਲੀਕਾਮ ਐਂਡ ਇਲੈਕਟ੍ਰੀਸ਼ਨ ਦੀ ਦੁਕਾਨ ਫਰੀਦਕੋਟ ਰੋਡ ਸਥਿਤ ਹੈ, ਜਿਸ ਵਿਚ ਦੁਪਹਿਰੇ 2 ਅਣਪਛਾਤੇ ਨੌਜਵਾਨ ਲੁਟੇਰੇ ਮੋਟਰਸਾਈਕਲ 'ਤੇ ਆਏ ਅਤੇ ਇਕ ਨੌਜਵਾਨ ਬਾਹਰ ਮੋਟਰਸਾਈਕਲ 'ਤੇ ਹੀ ਖੜ੍ਹਾ ਰਿਹਾ। ਉਸ ਨੇ ਦੱਸਿਆ ਕਿ ਦੂਸਰਾ ਨੌਜਵਾਨ ਉਸ ਦੀ ਦੁਕਾਨ ਦੇ ਅੰਦਰ ਆ ਕੇ ਮੋਬਾਇਲ ਦੇਖਣ ਦੀ ਗੱਲ ਕਰਨ ਲੱਗਾ। ਧੀਰਜ ਮੋਂਗਾ ਨੇ ਦੱਸਿਆ ਕਿ ਉਸ ਨੇ ਇਕ ਓਪੋ ਅਤੇ ਇਕ ਸੈਮਸੰਗ ਕੰਪਨੀ ਦੇ 2 ਮੋਬਾਇਲ ਦਿਖਾਏ ਅਤੇ ਦੋਵਾਂ ਮੋਬਾਇਲਾਂ ਦੀ ਕੀਮਤ ਹਜ਼ਾਰਾਂ ਦੇ ਕਰੀਬ ਹੈ, ਜਿਸ 'ਤੇ ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਕੁਝ ਇਲੈਟ੍ਰੀਕਲ ਦਾ ਸਾਮਾਨ ਦਿਖਾ ਦਿਓ। ਉਸ ਨੇ ਦੱਸਿਆ ਕਿ ਜਦ ਉਹ ਸਾਮਾਨ ਦਿਖਾਉਣ ਲਈ ਦੁਕਾਨ ਦੇ ਪਿੱਛੇ ਪਿਆ ਸਾਮਾਨ ਚੁੱਕ ਰਿਹਾ ਸੀ ਤਾਂ ਇੰਨੇ 'ਚ ਉਹ ਦੋਵੇਂ ਨੌਜਵਾਨ ਮੋਬਾਇਲ ਲੈ ਕੇ ਫਰਾਰ ਹੋ ਗਏ। ਉਸ ਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀ ਆਏ। ਪੀੜਤ ਨੇ ਦੱਸਿਆ ਕਿ ਉਸ ਨੇ ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਸ ਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੋਬਾਇਲ ਵਾਪਸ ਦਿਵਾਏ ਜਾਣ।


Bharat Thapa

Content Editor

Related News