‘ਆਪ’ ਦੇ ਸੂਬਾਈ ਆਗੂ ਮਿੰਕੂ ਜਵੰਧਾ ਨੇ ਸਿਵਲ ਹਸਪਤਾਲ ਨੂੰ ਕੀਤਾ ਸੈਨੇਟਾਈਜ਼, ਕਿਹਾ-ਸਰਕਾਰ ਸਹੂਲਤਾਂ ਦੇਣ ’ਚ ਹੋਈ ਫੇਲ੍ਹ

05/15/2021 4:18:12 PM

ਸੰਗਰੂਰ (ਵਿਵੇਕ ਸਿੰਧਵਾਨੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ। ਜ਼ਿਲ੍ਹੇ ’ਚ ਤਕਰੀਬਨ 11562 ਕੇਸ ਕੋਰੋਨਾ ਪਾਜ਼ੇਟਿਵ ਦੇ ਸਾਹਮਣੇ ਆ ਚੁੱਕੇ ਹਨ ਅਤੇ 527 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ ਯੂਥ ਆਈਕੌਨ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਜੁਆਇੰਟ ਸਕੱਤਰ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਅੱਜ ਸਵੇਰੇ ਉਨ੍ਹਾਂ ਆਪਣੀ ਟੀਮ ਸਮੇਤ ਸਿਵਲ ਹਸਪਤਾਲ ਸੰਗਰੂਰ ਵਿਖੇ ਪੁੱਜ ਕੇ ਸਾਰੇ ਹਸਪਤਾਲ ਨੂੰ ਖ਼ੁਦ ਸੇਨੇਟਾਈਜ਼ ਕੀਤਾ । ਇਸ ਮੌਕੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂ ਮਿੰਕੂ ਜਵੰਧਾ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਫੇਲ੍ਹ ਸਾਬਤ ਹੋਈ ਹੈ।

ਅੱਜ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਇੱਕ-ਦੂਜੇ ਦੀ ਸਹਾਇਤਾ ਕਰਨ ਦਾ ਹੈ। ਇਸ ਲਈ ਅੱਜ ਮੈਂ ਅਤੇ ਮੇਰੀ ਸਮੁੱਚੀ ਟੀਮ ਸਿਵਲ ਹਸਪਤਾਲ ਨੂੰ ਸੈਨੇਟਾਈਜ਼ ਕਰਨ ਲਈ ਆਈ ਹੈ ਕਿਉਂਕਿ ਇਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਮਰੀਜ਼ ਜਾਂਚ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਸੈਨੇਟਾਈਜ਼ੇਸ਼ਨ ਦੀ ਸ਼ੁਰੂ ਕੀਤੀ ਇਹ ਮੁਹਿੰਮ ਜਾਰੀ ਰਹੇਗੀ ਅਤੇ ਵੱਖ-ਵੱਖ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਮੇਰੇ ਵੱਲੋਂ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਆਪ ਆਗੂ ਮਿੰਕੂ ਜਵੰਧਾ ਵੱਲੋਂ ਸ਼ੁਰੂ ਕੀਤੀ ਇਸ ਸੈਨੇਟਾਈਜ਼ੇਸ਼ਨ ਦੀ ਮੁਹਿੰਮ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਵੀ ਮਿੰਕੂ ਜਵੰਧਾ ਵੱਲੋਂ ਆਪਣੀ ਸੁਸਾਇਟੀ ਬਣਾ ਕੇ ਲੜਕੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਨੇਪਰੇ ਚਾੜ੍ਹੇ ਜਾਂਦੇ ਹਨ।


Manoj

Content Editor

Related News