‘ਆਪ’ ਸਰਕਾਰ ਦਾ ਅਸਰ, ਬੀਬੀ ਭੱਠਲ ਨੇ ਖ਼ੁਦ ਛੱਡਿਆ 40 ਸਾਲ ਪੁਰਾਣਾ ਨਾਜਾਇਜ਼ ਕਬਜ਼ਾ

05/10/2022 7:40:17 PM

ਲਹਿਰਾਗਾਗਾ (ਗਰਗ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਰਕਾਰੀ ਥਾਵਾਂ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸੇ ਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਆਪਣੀ ਲਹਿਰਾਗਾਗਾ ਸਥਿਤ ਪੁਰਾਣੀ ਰਿਹਾਇਸ਼ (ਕੋਠੀ) ਦੇ ਬਾਹਰ ਮੁੱਖ ਮਾਰਗ ਦਿਆਲਪੁਰਾ ਰਜਬਾਹੇ ਦੇ ਇਕ ਪਾਸੇ ਰਸਤੇ ’ਤੇ ਪਿਛਲੇ 40 ਸਾਲਾਂ ਤੋਂ ਕੀਤਾ ਗਿਆ ਕਬਜ਼ਾ ਆਪਣੀ ਸਹਿਮਤੀ ਨਾਲ ਖੁਦ ਛੱਡ ਦਿੱਤਾ ਗਿਆ, ਜੋ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਮੌਕੇ ’ਤੇ ਜਾ ਕੇ ਦੇਖਿਆ ਕਿ ਲੇਬਰ ਵੱਲੋਂ ਰਸਤੇ ’ਤੇ ਖਿੱਚੀ ਗਈ ਦੀਵਾਰ ਦੇ ਨਾਲ-ਨਾਲ ਬਣੇ ਦੋ ਕਮਰਿਆਂ ਨੂੰ ਢਾਹਿਆ ਜਾ ਰਿਹਾ ਸੀ ਤੇ ਕੁਝ ਵਿਅਕਤੀ ਟਰਾਲੀਆਂ ’ਚ ਮਟੀਰੀਅਲ ਭਰ ਕੇ ਲਿਜਾ ਰਹੇ ਸਨ। ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਰਸਤੇ ਦੇ ਖੁੱਲ੍ਹਣ ’ਤੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਸੀ ਕਿ ਆਖਿਰਕਾਰ ਸ਼ਹਿਰ ਨਿਵਾਸੀਆਂ ਨੂੰ ਤਕਰੀਬਨ 40 ਸਾਲ ਬਾਅਦ ਉਕਤ ਰਸਤੇ ’ਤੇ ਸਫਰ ਕਰਨ ਦਾ ਮੌਕਾ ਮਿਲੇਗਾ। ਸ਼ਹਿਰ ਨਿਵਾਸੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਵੱਖ-ਵੱਖ ਥਾਵਾਂ ’ਤੇ ਹੋਏ ਹੋਰ ਨਾਜਾਇਜ਼ ਕਬਜ਼ਿਆਂ ਨੂੰ ਛੁਡਾਇਆ ਜਾਵੇ ਤਾਂ ਜੋ ਸ਼ਹਿਰ ਸਾਫ਼-ਸੁਥਰਾ ਤੇ ਸੁੰਦਰ ਦਿੱਖ ਪੇਸ਼ ਕਰ ਸਕੇ।

PunjabKesari

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟਾ ਪੀਣ ਨਾਲ 25 ਸਾਲਾ ਨੌਜਵਾਨ ਦੀ ਹੋਈ ਮੌਤ

PunjabKesari

ਖ਼ੁਦ ਛੱਡ ਰਹੀ ਹਾਂ ਰਸਤਾ : ਭੱਠਲ  
ਉਕਤ ਮਾਮਲੇ ’ਤੇ ਬੀਬੀ ਭੱਠਲ ਨੇ ਕਿਹਾ ਕਿ ਉਹ ਸਰਕਾਰ ਦੇ ਲੋਕ-ਪੱਖੀ ਫ਼ੈਸਲਿਆਂ ਦਾ ਹਮੇਸ਼ਾ ਸਹਿਯੋਗ ਕਰਦੇ ਹਨ। ਉਕਤ ਰਸਤੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ ਬਲਕਿ ਸਕਿਓਰਿਟੀ ਲਈ ਕਮਰਾ ਬਣਾਇਆ ਗਿਆ ਸੀ। ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਦੌਰਾਨ ਵੀ ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਰਾਜੇਸ਼ ਭੋਲਾ ਨੂੰ ਉਕਤ ਥਾਂ ’ਤੇ ਸੜਕ ਬਣਾਉਣ ਲਈ ਕਿਹਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਸੜਕ ਨਹੀਂ ਬਣ ਸਕੀ। ਉਨ੍ਹਾਂ ਸਰਕਾਰ ਦੇ ‘ਇਕ ਵਿਧਾਇਕ ਇਕ  ਪੈਨਸ਼ਨ ਦੇ ਨਾਲ ਨਾਲ ਨਾਜਾਇਜ਼ ਕਬਜ਼ੇ ਛੁਡਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਥਾਂ ’ਤੇ ਜੋ ਵੀ ਮਟੀਰੀਅਲ ਨਿਕਲੇਗਾ, ਉਹ ਗ਼ਰੀਬ ਲੋਕ ਲਿਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਲੋਕਪੱਖੀ ਫ਼ੈਸਲਿਆਂ ਦਾ ਸਵਾਗਤ ਕਰਨ।

ਇਹ ਵੀ ਪੜ੍ਹੋ : ਕਰੋੜਾਂ ਦੇ ਬਿੱਲ ਪੈਂਡਿੰਗ, ਡੀਜ਼ਲ ਸਪਲਾਈ ਰੁਕਣ ਨਾਲ ਬੱਸਾਂ ਖੜ੍ਹੀਆਂ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ

PunjabKesari

ਭੱਠਲ ਦਾ ਫ਼ੈਸਲਾ ਸਵਾਗਤਯੋਗ : ਗੋਇਲ
 ਉਕਤ ਮਾਮਲੇ ’ਤੇ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੇ ਕਿਹਾ ਕਿ ਬੀਬੀ ਭੱਠਲ ਵੱਲੋਂ ਰਸਤਾ ਛੱਡਣ ਦੇ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ, ਸਰਕਾਰ ਵੱਲੋਂ ਸਮੁੱਚੇ ਪੰਜਾਬ ਅੰਦਰ ਲੋਕਪੱਖੀ ਫ਼ੈਸਲੇ ਲਏ ਜਾ ਰਹੇ ਹਨ, ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਅਤੇ ਹੋਰ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਹਨ, ਉਹ ਆਪਣੇ ਆਪ ਕਬਜ਼ਾ ਛੱਡ ਦੇਣ ਤੇ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕਾਂ ਦੀ ਆਪਣੀ ਸਰਕਾਰ ਬਣੀ ਹੈ ਤੇ ਜੋ ਵੀ ਵਾਅਦੇ ਚੋਣਾਂ ਸਮੇਂ ਕੀਤੇ ਗਏ ਸਨ, ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਸਿੱਧੂ, ਭਗਵੰਤ ਮਾਨ ’ਚ ਨਾ ਕੋਈ ਹਉਮੈ ਤੇ ਨਾ ਹੀ ਹੰਕਾਰ


Manoj

Content Editor

Related News