ਲੋਕ ਸਭਾ ’ਚੋਂ ‘ਆਪ’ ਦਾ ਪੱਤਾ ਸਾਫ਼

06/27/2022 4:35:32 PM

ਲੁਧਿਆਣਾ (ਵਿੱਕੀ): ਵਿਧਾਨ ਸਭਾ ਚੋਣਾਂ ’ਚ 92 ਸੀਟਾਂ ਜਿੱਤ ਕੇ ਪੰਜਾਬ ’ਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਸੰਗਰੂਰ ਲੋਕ ਸਭਾ ਉਪ ਚੋਣ ’ਚ ਹੋਈ ਹਾਰ ਤੋਂ ਬਾਅਦ ਹੁਣ 18ਵੀਂ ਲੋਕ ਸਭਾ ’ਚ ‘ਆਪ’ ਦੀ ਪ੍ਰਤੀਨਿਧਤਾ ਖ਼ਤਮ ਹੋ ਗਈ ਹੈ ਕਿਉਂਕਿ ‘ਆਪ’ ਵਲੋਂ 2019 ’ਚ ਕੇਵਲ ਭਗਵੰਤ ਮਾਨ ਹੀ ਜਿੱਤ ਕੇ ਲੋਕ ਸਭਾ ਪੁੱਜੇ ਸੀ, ਜਿਨ੍ਹਾਂ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ ਸੀ।

ਇਹ ਵੀ ਪੜ੍ਹੋ : ਜਨਤਾ ਨੇ ‘ਆਪ’ ਨੂੰ ਦਿਖਾਇਆ ਸ਼ੀਸ਼ਾ : ਅਸ਼ਵਨੀ ਸ਼ਰਮਾ

ਵਿਧਾਨ ਸਭਾ ਚੋਣਾਂ ’ਚ ਜਿੱਤ ਦੇ ਬਾਅਦ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਅਤੇ ਖ਼ਾਲੀ ਸੀਟ ’ਤੇ 23 ਜੂਨ ਨੂੰ ਉਪ ਚੋਣ ਹੋਈ ਸੀ। ਦੱਸ ਦੇਈਏ ਕਿ ਸਾਲ 2014 ਅਤੇ 2019 ਦੀਆਂ ਚੋਣਾਂ ’ਚ ਦੋਵੇਂ ਵਾਰ ਭਗਵੰਤ ਮਾਨ ਹੀ ਸੰਗਰੂਰ ਸੀਟ ਤੋਂ ਜਿੱਤੇ ਸਨ, ਜਿਸ ਕਾਰਨ ਇਸ ਵਾਰ ‘ਆਪ’ ਦੀ ਸਰਕਾਰ ਹੋਣ ਦੇ ਕਾਰਨ ਇਸ ਸੀਟ ’ਤੇ ਪਾਰਟੀ ਵਲੋਂ ਹੈਟ੍ਰਿਕ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ

ਉਂਝ ਵੀ ਸੰਗਰੂਰ ਨੂੰ ‘ਆਪ’ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੇ ਝਾੜੂ ਚੋਣ ਨਿਸ਼ਾਨ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਝਟਕਾ ਦੇ ਕੇ 22 ਸਾਲ ਬਾਅਦ ਫ਼ਿਰ ਲੋਕ ਸਭਾ ’ਚ ਐਂਟਰੀ ਦਾ ਰਸਤਾ ਸਾਫ਼ ਕਰ ਲਿਆ। ਹੁਣ ਲੋਕ ਸਭਾ ਦੀਆਂ 13 ਸੀਟਾਂ ’ਚੋਂ 8 ਸੀਟਾਂ ਕਾਂਗਰਸ, 2 ਸੀਟਾਂ ਭਾਜਪਾ, 2 ਸੀਟਾਂ ਅਕਾਲੀ ਦਲ (ਬਾਦਲ) ਅਤੇ ਹੁਣ 1 ਸੀਟ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਂ ਹੈ।


Anuradha

Content Editor

Related News