ਜਸਪਾਲ ਤਲਵੰਡੀ ਨੇ ''ਆਪ'' ਨੂੰ ਕਿਹਾ ਅਲਵਿਦਾ, ਮਾਨ ਨੂੰ ਸੌਂਪਿਆ ਅਸਤੀਫਾ

Wednesday, Apr 17, 2019 - 08:15 PM (IST)

ਜਸਪਾਲ ਤਲਵੰਡੀ ਨੇ ''ਆਪ'' ਨੂੰ ਕਿਹਾ ਅਲਵਿਦਾ, ਮਾਨ ਨੂੰ ਸੌਂਪਿਆ ਅਸਤੀਫਾ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਬਾਨੀ ਮੈਂਬਰ ਤੇ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਤਲਵੰਡੀ ਨੇ ਇਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦੇ ਦਿੱਤਾ । ਜਸਪਾਲ ਵਲੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਸੌਂਪਿਆ ਗਿਆ। 
ਜਸਪਾਲ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਮੈਂ ਬਦਲਾਅ ਦੀ ਸੋਚ ਲੈ ਕੇ ਇਸ ਪਾਰਟੀ ਨਾਲ ਜੁੜਿਆ ਸੀ ਤੇ ਸਮੱਰਥਾ ਮੁਤਾਬਕ ਯੋਗਦਾਨ ਪਾਉਣ ਦਾ ਯਤਨ ਕੀਤਾ ਪਰ ਮੌਜੂਦਾ ਸਥਿਤੀ ਕਾਰਨ ਭਾਰੀ ਨਿਮੋਸ਼ੀ ਮਿਲੀ ਹੈ। ਜਿਸ ਕਾਰਨ ਮੈਂ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਲਿਖਿਆ ਕਿ ਲੁਧਿਆਣਾ ਲੋਕ ਸਭਾ ਟਿਕਟ ਦਾ ਦਾਅਵੇਦਾਰਾਂ ਪਾਸੋਂ ਟਿਕਟਾਂ ਦੇਣ ਲਈ ਵੱਡੀਆਂ ਰਕਮਾਂ ਮੰਗਣ ਦੇ ਲੱਗੇ ਦੋਸ਼ਾਂ ਤੇ ਫਤਿਹਗੜ੍ਹ ਸਾਹਿਬ ਦੇ ਪੁਰਾਣੇ ਵਲੰਟੀਅਰ ਬਲਜਿੰਦਰ ਸਿੰਘ ਚੌਂਦਾ ਦਾ ਟਿਕਟ ਕੱਟ ਕੇ ਇਕ ਕਾਂਗਰਸੀ ਨੇਤਾ ਦੀ ਪਤਨੀ ਨੂੰ ਦੇਣ ਕਾਰਨ ਉਨ੍ਹਾਂ ਨੂੰ  ਭਾਰੀ ਠੇਸ ਪੁੱਜੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਆਪਸੀ ਕਲੇਸ਼ ਤੇ ਦਿਸ਼ਾਹੀਣ ਫੈਸਲਿਆਂ ਕਾਰਨ ਹੇਠਲੇ ਪੱਧਰ ਦੇ ਕੇਡਰ 'ਚ  ਭਾਰੀ ਨਿਰਾਸ਼ਤਾ ਆਈ ਹੈ, ਜਿਸ ਕਾਰਨ ਆਮ ਜਨਤਾ 'ਚ ਪੂਰੀ ਤਰ੍ਹਾਂ ਪਾਰਟੀ ਦੇ ਅਕਸ਼ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪਾਰਟੀ ਦੇ ਵਿਧਾਇਕ ਇਸ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਚਲਾ ਰਹੇ ਹਨ ਤੇ ਪਾਰਟੀ ਆਪਣੇ ਪ੍ਰੋਗਰਾਮ ਤੇ ਸਿਧਾਂਤਾਂ ਤੋ ਪੂਰੀ ਤਰ੍ਹਾਂ ਭਟਕ ਚੁਕੀ ਹੈ।
ਲੁਧਿਆਣਾ ਸੀਟ ਤੋਂ ਸਥਾਨਕ ਪੁਰਾਣੇ ਵਲੰਟੀਅਰ ਦਾਅਵੇਦਾਰਾਂ ਨੂੰ ਅੱਖੋਂ-ਪਰੋਖੇ ਕਰਕੇ ਹਲਕੇ ਰਾਏਕੋਟ ਨਾਲ ਸਬੰਧਤ ਬਾਹਰਲੇ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ। ਜਿਸ ਦਾ ਹਲਕੇ 'ਚ ਕੋਈ ਆਧਾਰ ਹੀ ਨਹੀਂ ਹੈ । ਪਾਰਟੀ ਦੇ ਹਰ ਪੱਧਰ ਦੇ ਅਹੁੱਦੇਦਾਰਾਂ ਤੇ ਵਰਕਰਾਂ 'ਚ ਘੋਰ ਨਿਰਾਸ਼ਾ ਦਾ ਆਲਮ ਹੈ। ਪਾਰਟੀ ਦੇ  ਸੀਨੀਅਰ ਆਗੂਆਂ ਦਾ ਹੇਠਲੇ ਪੱਧਰ ਦੇ ਵਰਕਰਾਂ ਨਾਲ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਜਾਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਇਸ ਸਮੇਂ ਪਾਰਟੀ ਉਪਰ ਲਗਾਈਆਂ ਉਮੀਦਾਂ ਨੂੰ ਭਾਰੀ ਠੇਸ ਪੁੱਜੀ ਹੈ। ਲੋਕ ਭ੍ਰਿਸ਼ਟਰਾਜ ਪ੍ਰਬੰਧ ਨੂੰ ਬਦਲਣ ਦੀ ਸੋਚ ਲੈ ਕੇ ਇਸ ਪਾਰਟੀ ਨਾਲ ਜੁੜੇ ਸਨ। ਅਜ ਉਹ ਪਾਰਟੀ ਨੇਤਾਵਾਂ ਦੀ ਘਟੀਆ ਕਾਰਗੁਜ਼ਾਰੀ ਕਾਰਨ ਪਾਰਟੀ ਤੋਂ  ਕਿਨਾਰਾ ਕਰਨ ਲਈ ਮਜ਼ਬੂਰ  ਹਨ।


Related News