ਨਸ਼ਾ ਤਸਕਰਾਂ ਨੇ 3 ਨੌਜਵਾਨਾਂ 'ਤੇ ਚੜ੍ਹਾ ਦਿੱਤੀ ਕਾਰ; 2 ਬੱਚਿਆਂ ਦਾ ਪਿਓ ਦੀ ਹੋਈ ਮੌਤ

Sunday, Aug 18, 2024 - 09:28 AM (IST)

ਨਸ਼ਾ ਤਸਕਰਾਂ ਨੇ 3 ਨੌਜਵਾਨਾਂ 'ਤੇ ਚੜ੍ਹਾ ਦਿੱਤੀ ਕਾਰ; 2 ਬੱਚਿਆਂ ਦਾ ਪਿਓ ਦੀ ਹੋਈ ਮੌਤ

ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ) - ਪਿੰਡ ਖੇੜਾ-ਚਕਲੀ ਮੰਗਾ ਰੋਡ ’ਤੇ ਰੰਜ਼ਿਸ਼ਨ ਕਾਰ ਸਵਾਰਾਂ ਨੇ ਮੋਟਰਸਾਈਕਲ ’ਤੇ ਜਾਂਦੇ 3 ਨੌਜਵਾਨਾਂ ’ਤੇ ਗੱਡੀ ਚੜ੍ਹਾ ਦਿੱਤੀ। ਇਨ੍ਹਾਂ ’ਚੋਂ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਸੋਹਣ ਸਿੰਘ ਤੇ ਮਨਮੋਹਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਕਿ ਉਸ ਦੇ ਰਿਸ਼ਤੇਦਾਰ ਦੀ ਕਾਰ ਖ਼ਰਾਬ ਹੋ ਗਈ ਹੈ। ਇਸ ਕਾਰਨ ਉਹ ਮੋਟਰਸਾਈਕਲ ’ਤੇ ਸੋਹਣ ਸਿੰਘ ਤੇ ਮਨਮੋਹਨ ਸਿੰਘ ਨਾਲ ਪਿੰਡ ਚਕਲੀ ਮੰਗਾਂ ਵੱਲ ਤੁਰ ਗਿਆ। ਜਦੋਂ ਉਹ ਚਕਲੀ ਮੰਗਾਂ ਤੋਂ ਵਾਪਸ ਖੇੜਾ ਜਾ ਰਿਹਾ ਸੀ ਤਾਂ ਮਲਕੀਤ ਸਿੰਘ ਉਰਫ਼ ਮੰਤਰੀ ਤੇ ਉਸ ਦਾ ਭਰਾ ਸੋਨੂੰ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਕਾਰ ’ਚ ਆਏ। ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਕੁਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਜਖ਼ਮੀ ਹੋ ਕੇ ਸੜਕ ’ਤੇ ਡਿੱਗ ਪਏ। ਮੁਲਜ਼ਮਾਂ ਨੇ ਵਾਰ-ਵਾਰ ਕਾਰ ਚੜ੍ਹਾ ਕੇ ਜ਼ਖ਼ਮੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਜ਼ਖ਼ਮੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਤਾਂ ਉੱਥੇ ਡਾਕਟਰਾਂ ਨੇ ਕੁਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ੇਰੇ ਇਲਾਜ ਸੋਹਣ ਸਿੰਘ ਨੇ ਦੋਸ਼ ਲਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ’ਤੇ ਗੱਡੀ ਚੜ੍ਹਾਈ ਹੈ, ਉਹ ਨਸ਼ਾ ਕਰਨ ਤੇ ਵੇਚਣ ਦੇ ਆਦੀ ਹਨ। ਮਾਛੀਵਾੜਾ ਥਾਣੇ ’ਚ ਮਲਕੀਤ ਸਿੰਘ ਉਰਫ਼ ਮੰਤਰੀ ਵਾਸੀ ਪਿੰਡ ਚਕਲੀ ਮੰਗਾਂ ’ਤੇ ਨਸ਼ੇ ਦੇ ਮਾਮਲੇ ਦਰਜ ਹਨ। ਪਿੰਡ ਵਾਸੀਆਂ ਅਨੁਸਾਰ ਪਿੰਡ ਚਕਲੀ ਮੰਗਾ ਦੇ ਦੋਵੇਂ ਭਰਾ ਮਲਕੀਤ ਸਿੰਘ ਉਰਫ਼ ਮੰਤਰੀ ਤੇ ਸੋਨੂੰ ਨਾਲ ਕੁਲਵਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਤਕਰਾਰਬਾਜ਼ੀ ਹੋਈ ਸੀ।

ਮਾਛੀਵਾੜਾ ਪੁਲਸ ਨੇ ਮ੍ਰਿਤਕ ਦੇ ਪਿਤਾ ਲਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਲਕੀਤ ਰਾਮ, ਸੋਨੂੰ ਤੇ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਲਖਵੀਰ ਨੇ ਬਿਆਨ ਦਿੱਤਾ ਕਿ ਰੰਜਿਸ਼ ’ਚ ਕਤਲ ਕਰਨ ਦੀ ਨੀਅਤ ਨਾਲ ਕੁਲਵਿੰਦਰ ਸਿੰਘ ’ਤੇ ਕਾਰ ਚੜ੍ਹਾਈ ਗਈ। ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੰਤਰੀ ਤੇ ਸੋਨੂੰ ਖ਼ਿਲਾਫ਼ ਮਾਛੀਵਾੜਾ ਥਾਣੇ ’ਚ 3 ਮਾਮਲੇ ਦਰਜ ਹਨ ਜਿਸ ’ਚ 2 ਝਗੜੇ ਤੇ ਇਕ ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਹੈ।

2 ਬੱਚਿਆਂ ਦਾ ਪਿਓ ਸੀ ਕੁਲਵਿੰਦਰ

ਮ੍ਰਿਤਕ ਕੁਲਵਿੰਦਰ ਸਿੰਘ 2 ਬੱਚਿਆਂ ਦਾ ਪਿਓ ਸੀ ਤੇ ਸਮਰਾਲਾ ਵਿਖੇ ਪ੍ਰਾਈਵੇਟ ਬੈਂਕ ਦਾ ਮੈਨੇਜਰ ਵਜੋਂ ਤਾਇਨਾਤ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਹਾਦਸੇ ’ਚ ਜ਼ਖ਼ਮੀ 2 ਨੌਜਵਾਨਾਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਹੈ।

ਸਖ਼ਤ ਕਾਰਵਾਈ ਲਈ 2 ਘੰਟੇ ਤੱਕ ਸੜਕ ਜਾਮ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਾਛੀਵਾੜਾ ਥਾਣੇ ਬਾਹਰ ਧਰਨਾ ਦਿੱਤਾ ਤੇ ਤਕਰੀਬਨ 2 ਘੰਟੇ ਸੜਕ ਜਾਮ ਕੀਤੀ। ਪਰਿਵਾਰ ਨੇ ਕਿਹਾ ਕਿ ਕੁਲਵਿੰਦਰ ਦਾ ਕਤਲ ਕੀਤਾ ਗਿਆ ਹੈ ਤੇ ਇਹ ਨਸ਼ਾ ਸਮੱਗਲਰ ਬੇਖੌਫ਼ ਘੁੰਮਦੇ ਹਨ।

ਮੌਕੇ ’ਤੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ, ਜਥੇਦਾਰ ਮਨਮੋਹਣ ਸਿੰਘ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ ਵੀ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਬਦਸਲੂਕੀ ਕਰਨ ’ਤੇ ਸਹਾਇਕ ਥਾਣੇਦਾਰ ਲਾਈਨ ਹਾਜ਼ਰ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਉਨ੍ਹਾਂ ਨਾਲ ਗੱਲਬਾਤ ਕਰਨ ਆਇਆ ਤਾਂ ਉਸ ਦਾ ਵਰਤਾਓ ਠੀਕ ਨਹੀਂ ਸੀ। ਪਰਿਵਾਰ ਨਾਲ ਸਹਾਇਕ ਥਾਣੇਦਾਰ ਨੇ ਬਦਸਲੂਕੀ ਕੀਤੀ ਇਸ ਲਈ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ।

ਇਸ ’ਤੇ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਬਦਸਲੂਕੀ ਕਰਨ ਵਾਲੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

 


author

Harinder Kaur

Content Editor

Related News