ਗੈਂਗਸਟਰ ਦੇ ਨਾਂ ’ਤੇ ਦੁਕਾਨਦਾਰ ਤੋਂ ਮੰਗੀ 60 ਲੱਖ ਦੀ ਫਿਰੌਤੀ, ਪੁਲਸ ਨੇ ਟ੍ਰੈਪ ਲਗਾ ਕੇ ਨੱਪ ਲਏ ਗਿਰੋਹ ਦੇ 4 ਮੈਂਬਰ
Saturday, Dec 28, 2024 - 05:45 AM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਬਾਜ਼ਾਰ ਵਿਚ ਸਥਿਤ ਇਕ ਰੈਡੀਮੇਡ ਕੱਪੜਿਆਂ ਦੇ ਦੁਕਾਨਦਾਰ ਨੂੰ ਗੈਂਗਸਟਰ ਦੇ ਨਾਂ ’ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ 60 ਲੱਖ ਰੁਪਏ ਦੀ ਜਬਰੀ ਵਸੂਲੀ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਐੱਸ. ਪੀ. ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਵਿਸ਼ੇਸ਼ ਟੀਮ ਵੱਲੋਂ ਉਕਤ ਚਾਰੋਂ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਬੀਤੀ 16 ਦਸੰਬਰ ਨੂੰ ਥਾਣਾ ਸਿਟੀ ਮੋਗਾ ਵਿਚ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਸਦੀ ਬਾਜ਼ਾਰ ਵਿਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ ਅਤੇ ਜਦੋਂ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਉਸ ਦੇ ਮੋਬਾਈਲ ਨੰਬਰ ’ਤੇ ਇਕ ਅਣਪਛਾਤੇ ਨੰਬਰ ਤੋਂ ਵੱਖ-ਵੱਖ 3 ਕਾਲਾਂ ਆਈਆਂ, ਜਿਨ੍ਹਾਂ ਕਿਹਾ ਕਿ ਉਹ ਗੈਂਗਸਟਰ ਅਰਸ਼ ਡਾਲਾ ਬੋਲ ਰਿਹਾ ਹੈ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਤੋਂ 60 ਲੱਖ ਰੁਪਏ ਦੀ ਜਬਰੀ ਵਸੂਲੀ ਮੰਗੀ ਗਈ।
ਇਹ ਵੀ ਪੜ੍ਹੋ : ਜਿਊਲਰਜ਼ ਨੂੰ 5 ਲੁਟੇਰਿਆਂ ਨੇ ਬੰਧਕ ਬਣਾ ਕੇ ਗਹਿਣੇ ਤੇ ਨਕਦੀ ਲੁੱਟੀ
ਫੋਨ ਕਰਨ ਵਾਲਿਆਂ ਨੇ ਕਿਹਾ ਕਿ ਜੇਕਰ ਸਾਨੂੰ ਪੈਸੇ ਨਾ ਮਿਲੇ ਤਾਂ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਰ ਦੇਣਗੇ, ਜਿਸ ’ਤੇ ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਜਾਂਚ ਦਾ ਆਦੇਸ਼ ਦਿੱਤਾ, ਜਿਨ੍ਹਾਂ ਤਕਨੀਕੀ ਢੰਗ ਨਾਲ ਅਤੇ ਮੋਬਾਈਲ ਫੋਨ ਦੀ ਕਾਲ ਡਿਟੇਲ ਦੀ ਜਾਂਚ ਤੋਂ ਬਾਅਦ ਟ੍ਰੈਪ ਲਗਾ ਕੇ 4 ਕਥਿਤ ਮੁਲਜ਼ਮਾਂ ਸਿਮਰਨਜੀਤ ਸਿੰਘ ਨਿਵਾਸੀ ਕਬੀਰ ਨਗਰ ਕਟਾਰੀਆ ਰੋਡ ਮੋਗਾ, ਕਰਨ ਕੁਮਾਰ ਉਰਫ਼ ਕਰਨ ਨਿਵਾਸੀ ਪ੍ਰਤਾਪਗੜ੍ਹ ਯੂ. ਪੀ. ਹਾਲ ਅਬਾਦ ਸਰਦਾਰ ਨਗਰ ਨੇੜੇ ਆਰਾ ਮੋਗਾ, ਸੰਦੀਪ ਸਿੰਘ ਉਰਫ ਸੀਪਾ ਨਿਵਾਸੀ ਨਿਗਾਹਾ ਰੋਡ ਚੁੰਗੀ ਨੰਬਰ 3 ਅਤੇ ਸੋਨੂੰ ਕੁਮਾਰ ਨਿਵਾਸੀ ਪਿੰਡ ਕੋਰਾਲੀ ਯੂਪੀ ਹਾਲ ਅਬਾਦ ਬੁਰਜਾ ਫਾਟਕ ਮਲੋਟ ਕਿਰਾਏਦਾਰ ਨਜ਼ਦੀਕ ਅਕਾਲਸਰ ਗੁਰਦੁਆਰਾ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਧਮਕੀਆਂ ਦੇਣ ਲਈ ਵਰਤਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ।
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜਾਂਚ ਸਮੇਂ ਪਤਾ ਲੱਗਾ ਕਿ ਕਥਿਤ ਮੁਲਜ਼ਮ ਸਿਮਰਨਜੀਤ ਸਿੰਘ ਪਹਿਲਾਂ ਉਕਤ ਦੁਕਾਨ ’ਤੇ ਕੰਮ ਕਰਦਾ ਸੀ, ਜਿਸ ਕਾਰਨ ਉਸ ਨੂੰ ਦੁਕਾਨ ਮਾਲਕ ਦੇ ਆਉਣ ਜਾਣ ਅਤੇ ਕੰਮਕਾਰ ਬਾਰੇ ਪੂਰੀ ਜਾਣਕਾਰੀ ਸੀ। ਇਸੇ ਗੱਲ ਦਾ ਫਾਇਦਾ ਉਠਾ ਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 60 ਲੱਖ ਰੁਪਏ ਫਿਰੌਤੀ ਮੰਗਣ ਦੀ ਯੋਜਨਾ ਬਣਾਈ। ਉਨ੍ਹਾਂ ਕਿਹਾ ਕਿ ਬਰਾਮਦ ਮੋਬਾਈਲ ਫੋਨ ਦਾ ਸਿੰਮ ਉਨ੍ਹਾਂ ਕਥਿਤ ਮੁਲਜ਼ਮ ਸੰਦੀਪ ਕੁਮਾਰ ਉਰਫ ਸੀਪਾ ਤੋਂ ਲਿਆ ਸੀ, ਜੋ ਕਿ ਇਕ ਔਰਤ ਦੇ ਨਾਂ ’ਤੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਉਕਤ ਮੋਬਾਈਲ ਫੋਨ ਜਿਸ ਦਾ ਸਿੰਮ ਵਰਤਿਆ ਗਿਆ, ਕਰੀਬ 6 ਮਹੀਨੇ ਪਹਿਲਾਂ ਕਿਸੇ ਕੋਲੋਂ ਖੋਹਿਆ ਗਿਆ ਸੀ। ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਸਬੰਧ ਕਿਸੇ ਗੈਂਗਸਟਰ ਗਿਰੋਹ ਨਾਲ ਤਾਂ ਨਹੀਂ ਅਤੇ ਇਨ੍ਹਾਂ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹਨ? ਜਲਦੀ ਹੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਹੋਰ ਜਾਂਚ ਪੜਤਾਲ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8