7 ਸਾਲ ਪਹਿਲਾਂ ''ਹੁਣੇ ਆਇਆ'' ਕਹਿ ਕੇ ਘਰੋਂ ਗਏ ਭਰਾ ਦਾ ਅੱਜ ਵੀ ਭੈਣ ਕਰ ਰਹੀ ਹੈ ਇੰਤਜ਼ਾਰ

Wednesday, May 26, 2021 - 05:59 PM (IST)

ਫਰੀਦਕੋਟ (ਜਗਤਾਰ): 25 ਮਈ 2014 ਨੂੰ ਫਰੀਦਕੋਟ ਦਾ ਮਨੋਜ ਕਪੂਰ ਉਸ ਵਕਤ ਲਾਪਤਾ ਹੋ ਗਿਆ ਸੀ ਜਦੋਂ ਉਹ ਘਰੋਂ ਇਹ ਕਹਿ ਕਿ ਬਾਹਰ ਗਿਆ ਕਿ ਮੈਂ ਹੁਣੇ ਆਇਆ। ਪਰ ਮਨੋਜ ਅੱਜ 7 ਸਾਲ ਬੀਤ ਜਾਣ ਬਾਅਦ ਵੀ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਮਨੋਜ ਦਾ ਥਹੁ ਪਤਾ ਲਗਾਉਣ ਲਈ ਪਹਿਲਾਂ ਫਰੀਦਕੋਟ ਵਿਚ ਕਈ ਮਹੀਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਗੁਹਾਰ ਲਗਾ ਕੇ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰ ਅੱਜ 7 ਸਾਲ ਬੀਤ ਜਾਣ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਹੁਣ ਪੰਜਾਬ ਪੁਲਸ ਵਾਂਗ ਸੀ.ਬੀ.ਆਈ. ਵੀ ਇਸ ਕੇਸ ’ਚ ਹੱਥ ਖੜ੍ਹੇ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ

ਮਨੋਜ ਕਪੂਰ ਦੇ ਲਾਪਤਾ ਹੋਇਆ 7 ਸਾਲ ਬੀਤ ਜਾਣ ’ਤੇ ਵੀ ਕੋਈ ਥਹੁ ਪਤਾ ਨਾ ਲੱਗਣ ਦੇ ਚਲਦੇ ਅੱਜ ਮਨੋਜ ਦੇ ਪਰਿਵਾਰ ਨੇ ਫਰੀਦਕੋਟ ਵਿਚ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰ ਜਿੱਥੇ ਪੁਲਸ ਅਤੇ ਸੀ.ਬੀ.ਆਈ ਵੱਲੋਂ ਕੀਤੀ ਗਈ ਜਾਂਚ ਤੇ ਸਵਾਲ ਚੁੱਕੇ, ਉੱਥੇ ਹੀ ਉਨ੍ਹਾਂ ਬੀ.ਜੇ.ਪੀ. ਆਗੂਆਂ ਦੀ ਕਥਿਤ ਮਾਲਕੀ ਵਾਲੀ ਆਈ.ਐਸ.ਆਈ.ਐਸ. ਪ੍ਰੋਸੀਜਰ ਕੰਪਨੀ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਮਨੋਜ ਕਪੂਰ ਦੇ ਲਾਪਤਾ ਹੋਣ ਪਿਛੇ ਕੰਪਨੀ ਦੇ ਹੀ ਕਥਿਤ ਕੁਝ ਲੋਕਾਂ ਦਾ ਹੱਥ ਹੋਣ ਦੀ ਗੱਲ ਕਹੀ। ਮਨੋਜ ਦੀ ਭੈਣ ਨੀਤੂ ਕਪੂਰ ਨੇ ਕਿਹਾ ਕਿ ਇਹ ਕੰਪਨੀ ਬੀ.ਜੇ.ਪੀ. ਆਗੂਆਂ ਦੀ ਹੈ ਅਤੇ ਇਸ ’ਚ ਹੋ ਰਹੀ ਵੱਡੀ ਘਪਲੇਬਾਜੀ ਦਾ ਮਨੋਜ ਨੂੰ ਪਤਾ ਚੱਲ ਗਿਆ ਸੀ ਅਤੇ ਉਹ ਇਸ ਨੂੰ ਜਨਤਕ ਕਰਨਾ ਚਹੁੰਦਾ ਸੀ, ਜਿਸ ਦੇ ਚੱਲਦੇ ਉਨ੍ਹਾਂ ਦੇ ਭਰਾ ਨੂੰ ਅਗਵਾ ਕੀਤਾ ਗਿਆ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭਡ਼ਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਕੁਝ ਸਬੂਤ ਵੀ ਮਿਲੇ ਸਨ ਪਰ ਜਾਂਚ ਕਰ ਰਹੀ ਪੁਲਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸੰਘਰਸ਼ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਦਦ ਨਾਲ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਦਿਵਾਈ ਸੀ ਅਤੇ ਸਾਨੂੰ ਆਸ ਸੀ ਕਿ ਸੀ.ਬੀ.ਆਈ. ਮਨੋਜ ਕਪੂਰ ਦਾ ਕੋਈ ਨਾ ਕੋਈ ਥਹੁ ਪਤਾ ਲਗਾ ਲਵੇਗੀ ਪਰ ਸੀ.ਬੀ.ਆਈ. ਟੀਮ ਵੀ ਇਸ ਮਾਮਲੇ ਵਿਚ ਕੋਈ ਬਹੁਤਾ ਇਨਸਾਫ ਨਹੀਂ ਕਰ ਸਕੀ ਅਤੇ ਹੁਣ ਇਸ ਟੀਮ ਨੇ ਆਪਣੀ ਕਲੋਜਰ ਰਿਪੋਰਟ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਮਾਮਲੇ ਤੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਵਿਚ ਮਨੋਜ ਕੰਮ ਕਰਦਾ ਸੀ ਉਸ ਵਿਚ ਵੱਡੀ ਘਪਲੇਬਾਜੀ ਦਾ ਮਨੋਜ ਨੂੰ ਪਤਾ ਲੱਗ ਗਿਆ ਸੀ ਜਿਸ ਨੂੰ ਉਹ ਜਨਤਕ ਕਰਨ ਵਾਲਾ ਸੀ ਇਸੇ ਲਈ ਇਸ ਕੰਪਨੀ ਦੇ ਹੀ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਕੇ ਖੁਰਦ ਬੁਰਦ ਕੀਤਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਹ ਕੰਪਨੀ ਇਕ ਵੱਡੇ ਬੀ.ਜੇ.ਪੀ. ਨੇਤਾ ਦੀ ਹੈ ਅਤੇ ਇਸੇ ਲਈ ਜਾਂਚ ਪ੍ਰਭਾਵਿਤ ਹੋ ਰਹੀ ਹੈ ਅਤੇ ਸੱਚ ਸਾਹਮਣੇ ਨਹੀਂ ਆ ਰਿਹਾ।

ਇਹ ਵੀ ਪੜ੍ਹੋ: ਮਲੋਟ ’ਚ ਨੌਜਵਾਨ ਨੂੰ ਤਾਲਿਬਾਨੀ ਸਜ਼ਾ, ਬੁਰੀ ਤਰ੍ਹਾਂ ਕੁੱਟਮਾਰ ਕਰਕੇ ਪਿਲਾਇਆ ਪਿਸ਼ਾਬ

ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਕਿਸੇ ਨੂੰ ਦਬਾਉਣਾ ਹੁੰਦਾ ਉਦੋਂ ਸਰਕਾਰ ਸੀ.ਬੀ.ਆਈ. ਦੀ ਗਲਤ ਵਰਤੋਂ ਕਰਕੇ ਉਨ੍ਹਾਂ ਨੂੰ ਦਬਾਉਂਦੀ ਹੈ ਪਰ ਜਦੋਂ ਅਜਿਹੇ ਲੋਕਾਂ ਨੂੰ ਸੀ.ਬੀ.ਆਈ. ਦੀ ਲੋੜ ਹੁੰਦੀ ਹੈ ਤਾਂ ਉਸ ਦੀ ਸਹੀ ਵਰਤੋਂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਕੇਸ ਪਿੱਛੇ ਕਿਸੇ ਵੱਡੀ ਸ਼ਕਤੀ ਦਾ ਹੱਥ ਹੈ ਜੋ ਇਸ ਕੇਸ ਨੂੰ ਟਰੇਸ ਨਹੀਂ ਹੋਣ ਦੇਣਾ ਚਹੁੰਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਕਜੁੱਟ ਹੋ ਕਿ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)


Shyna

Content Editor

Related News