6 ਸਾਲ ਬਾਅਦ ਕਸ਼ਮੀਰ ਦੇ ਅਨੰਤਨਾਗ ਰੇਲਵੇ ਸਟੇਸ਼ਨ ਤੋਂ 114185 ਰੁਪਏ ਜਮ੍ਹਾ ਨਾ ਕਰਵਾਉਣ ''ਤੇ ਨੋਟਿਸ ਜਾਰੀ

Tuesday, Sep 24, 2024 - 12:21 AM (IST)

ਫਿਰੋਜ਼ਪੁਰ- ਕਸ਼ਮੀਰ, ਜਿਸਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ, ਹੁਣ ਉੱਥੇ ਵੀ ਸਰਕਾਰੀ ਖ਼ਜ਼ਾਨੇ ਵਿੱਚ ਰਕਮ ਨਾ ਜਮ੍ਹਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 6 ਸਾਲ ਬਾਅਦ ਇਹ ਮਾਮਲਾ ਖੁਲ੍ਹਿਆ ਹੈ ਅਤੇ ਰੇਲਵੇ ਨੇ ਇਸ ਘਟਨਾ 'ਚ ਸ਼ਾਮਲ ਸਿੰਦੂਰਾ ਰੇਲਵੇ ਸਟੇਸ਼ਨ ਦੇ ਇੰਚਾਰਜ ਨੂੰ ਐੱਸ ਐੱਫ 5 ਯਾਨੀ ਮੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਹੈ।

ਜਾਣਕਾਰੀ ਮੁਤਾਬਕ, ਫਿਰੋਜ਼ਪੁਰ ਰੇਲਵੇ ਮੰਡਲ ਦੇ ਅਧੀਨ ਆਉਣ ਵਾਲੇ ਅਨੰਤਨਾਗ ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟੇਸ਼ਨ ਸੁਪਰਿੰਟੈਂਡੈਂਟ ਨੇ 6 ਦਸੰਬਰ ਤੋਂ 10 ਦਸੰਬਰ 2018 ਤੱਕ ਦਾ ਕੈਸ਼ ਬੈਂਕ ਵਿੱਚ ਜਮ੍ਹਾਂ ਨਹੀਂ ਕਰਵਾਇਆ ਸੀ। ਇਸ ਲਈ ਕਈ ਸਾਲਾਂ ਤੱਕ ਇਹ ਮਾਮਲਾ ਸਾਹਮਣੇ ਨਹੀਂ ਆ ਸਕਿਆ ਪਰ ਇਹ ਮਾਮਲਾ ਫਿਰੋਜ਼ਪੁਰ ਰੇਲਵੇ ਮੰਡਲ ਦੀ ਵਪਾਰ ਸ਼ਾਖਾ ਦੀ ਜਾਂਚ ਦੌਰਾਨ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ 1,14,185 ਰੁਪਏ ਬੁਕਿੰਗ ਰਕਮ ਜੋ ਅਨੰਤਨਾਗ ਸਟੇਸ਼ਨ 'ਤੇ ਮਿਲੀ ਸੀ, ਬੈਂਕ ਵਿੱਚ ਜਮ੍ਹਾਂ ਨਹੀਂ ਹੋਈ ਸੀ। ਇੰਨਾ ਪੈਸਾ ਕਈ ਸਾਲਾਂ ਤੱਕ ਬੈਂਕ ਵਿੱਚ ਨਾ ਜਮ੍ਹਾਂ ਹੋਣ 'ਤੇ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਇਹ ਮਾਮਲਾ ਵਪਾਰ ਸ਼ਾਖਾ 'ਚ ਪਹੁੰਚਿਆ, ਤਦ ਇਹ ਮਾਮਲਾ ਖੁੱਲ੍ਹ ਗਿਆ ਅਤੇ ਸਟੇਸ਼ਨ ਸੁਪਰਿੰਟੈਂਡੈਂਟ ਨੂੰ ਸਿੰਦੂਰਾ ਰੇਲਵੇ ਸਟੇਸ਼ਨ 'ਤੇ ਇੰਚਾਰਜ ਬਣਾਉਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਰੇਲਵੇ ਨੇ ਇਸ ਬਾਰੇ ਕਾਰਵਾਈ ਕਰਕੇ ਸਿੰਦੂਰਾ ਸਟੇਸ਼ਨ ਦੇ ਇੰਚਾਰਜ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ।

ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਵਪਾਰ ਸ਼ਾਖਾ ਕਿਸੇ ਵੀ ਅਜਿਹੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਸਿੰਦੂਰਾ ਸਟੇਸ਼ਨ ਦੇ ਇੰਚਾਰਜ ਮੁਹੰਮਦ ਇਕਬਾਲ ਨੂੰ ਐੱਸਐੱਫ 5 ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਹਾਲਾਂਕਿ, ਰਕਮ ਹੁਣ ਜਮ੍ਹਾਂ ਕਰ ਦਿੱਤੀ ਗਈ ਹੈ ਪਰ ਰੇਲਵੇ ਹੋਰ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।


Rakesh

Content Editor

Related News