ਦਰਜਨਾਂ ਵਿਅਕਤੀਆਂ ਨਾਲ ਕੀਤੀ 5 ਕਰੋਡ਼ 80 ਲੱਖ ਦੀ ਠੱਗੀ
Thursday, Dec 27, 2018 - 05:12 AM (IST)
ਪਟਿਆਲਾ, (ਬਲਜਿੰਦਰ)- ਸ਼ਹਿਰ ਵਿਚ ਦਰਜਨਾਂ ਵਿਅਕਤੀਆਂ ਨਾਲ 5 ਕਰੋਡ਼ 80 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੁਲਦੀਪ ਸ਼ਰਮਾ ਪੁੱਤਰ ਸ਼ਿਵ ਦੱਤ ਵਾਸੀ ਜਨਤਾ ਕਾਲੋਨੀ ਅਬਲੋਵਾਲ ਬਾਬੂ ਸਿੰਘ ਕਾਲੋਨੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਇਹ ਕੇਸ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ. 1 ਮੁਹੱਲਾ ਕਸਾਬੀਆਂ ਵਾਲਾ ਸਨੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਲਦੀਪ ਸ਼ਰਮਾ ਨੇ ਪਟਿਆਲਾ ਵਿਖੇ ਆਪਣਾ ਕਿੰਗਜ਼ ਟਰੇਡਿੰਗ ਨਾਂ ਦਾ ਦਫਤਰ ਖੋਲ੍ਹਿਆ ਹੋਇਆ ਸੀ। ਲੋਕਾਂ ਤੋਂ ਪੈਸੇ ਜਮ੍ਹਾ ਕਰਵਾ ਕੇ ਵੱਧ ਵਿਆਜ ਦਿੰਦਾ ਸੀ। ਕੁਲਦੀਪ ਸ਼ਰਮਾ ਨੇ ਉਸ ਕੋਲੋਂ ਅਤੇ ਹੋਰਨਾਂ ਲੋਕਾਂ ਤੋਂ ਪੈਸੇ ਜਮ੍ਹਾ ਕਰਵਾ ਲਏ ਅਤੇ ਕੁਝ ਸਮਾਂ ਵਿਆਜ ਦਿੰਦਾ ਰਿਹਾ। ਬਾਅਦ ਵਿਚ ਨਾ ਤਾਂ ਕੋਈ ਵਿਆਜ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾ ਮੁਤਾਬਕ ਉਕਤ ਵਿਅਕਤੀ ਨੇ ਕੁੱਲ 5 ਕਰੋਡ਼ 80 ਲੱਖ ਰੁਪਏ ਦੀ ਠੱਗੀ ਕੀਤੀ। ਪੁਲਸ ਨੇ ਕੁਲਦੀਪ ਸ਼ਰਮਾ ਖਿਲਾਫ 406 ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
