ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 37.50 ਲੱਖ

08/15/2019 3:11:05 AM

ਮੋਗਾ, (ਆਜ਼ਾਦ)- ਬਠਿੰਡਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਗੁਰੂਸਰ ਨਿਵਾਸੀ ਭੁਪਿੰਦਰ ਸਿੰਘ, ਹਰਿੰਦਰ ਸਿੰਘ ਅਤੇ ਪਿੰਡ ਭਗਤਾ ਭਾਈ ਨਿਵਾਸੀ ਨਿਰਭੈ ਸਿੰਘ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ 37 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਭੁਪਿੰਦਰ ਸਿੰਘ , ਹਰਿੰਦਰ ਸਿੰਘ ਅਤੇ ਨਿਰਭੈ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਗਿੱਲ ਦੀ ਰਿਸ਼ਤੇਦਾਰੀ ਪਿੰਡ ਗੁਰੂਸਰ ’ਚ ਹੋਣ ਕਰ ਕੇ ਉਨ੍ਹਾਂ ਦੀ ਮੁਲਾਕਾਤ ਉਸ ਨਾਲ ਹੋਈ, ਜਿਸ ਨੇ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਸ ਨੇ ਖੋਸਾ ਇਨਫਾਰਮੇਸ਼ਨ ਸੈਂਟਰ ਮੁੱਦਕੀ ਰੋਡ ਬਾਘਾਪੁਰਾਣਾ ’ਤੇ ਆਪਣਾ ਦਫਤਰ ਖੋਲ੍ਹ ਰੱਖਿਆ ਹੈ, ਜਿਸ ’ਤੇ ਪਰਮਜੀਤ ਸਿੰਘ ਨੇ ਸਾਨੂੰ ਕਿਹਾ ਕਿ ਜੇਕਰ ਤੁਸੀਂ ਪਰਿਵਾਰ ਸਮੇਤ ਕੈਨੇਡਾ ਜਾਣਾ ਚਾਹੁੰਦੇ ਹਨ ਤਾਂ ਮੈਂ ਭੇਜ ਦੇਵਾਂਗਾ, ਪ੍ਰਤੀ ਪਰਿਵਾਰ 24 ਲੱਖ ਰੁਪਏ ਖਰਚਾ ਆਵੇਗਾ। ਉਸ ਨੇ ਸਾਨੂੰ ਦੱਸਿਆ ਕਿ 6 ਲੱਖ ਰੁਪਏ ਅਸੀਂ ਪਹਿਲਾਂ ਲਵਾਂਗੇ, 6 ਲੱਖ ਰੁਪਏ ਮੈਡੀਕਲ ਸਮੇਂ ਅਤੇ 12 ਲੱਖ ਰੁਪਏ ਜਦ ਅੰਬੈਸੀ ’ਚ ਪਾਸਪੋਰਟ ਜਮ੍ਹਾ ਹੋਣਗੇ ਤਦ ਲਏ ਜਾਣਗੇ, ਜਿਸ ’ਤੇ ਅਸੀਂ ਤਿੰਨੋਂ ਦੋਸਤਾਂ ਨੇ ਸਲਾਹ-ਮਸ਼ਵਰਾ ਕਰ ਕੇ ਕਿਹਾ ਕਿ ਅਸੀਂ ਕੈਨੇਡਾ ਪਰਿਵਾਰ ਸਮੇਤ ਜਾਣ ਨੂੰ ਤਿਆਰ ਹਾਂ, ਜਿਸ ਦੇ ਬਾਅਦ ਅਸੀਂ ਤਿੰਨਾਂ ਨੇ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਸਤੰਬਰ 2017 ਨੂੰ 6-6 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਦਿੱਤੇ, ਜਿਸ ’ਤੇ ਸਾਨੂੰ ਪਰਮਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਤੁਹਾਡਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਅਸੀਂ ਤਿੰਨਾਂ ਨੇ 1 ਫਰਵਰੀਂ 2018 ਨੂੰ ਮੈਡੀਕਲ ਦੇ 6-6 ਲੱਖ ਰੁਪਏ ਹੋਰ ਦੇ ਦਿੱਤੇ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਨੂੰ ਪਰਿਵਾਰ ਸਮੇਤ 26 ਅਪ੍ਰੈਲ 2018 ਨੂੰ ਮੈਡੀਕਲ ਕਰਵਾਉਣ ਲਈ ਮੈਕਸ ਹਸਪਤਾਲ ਮੋਹਾਲੀ ਬੁਲਾਇਆ, ਜਿੱਥੇ ਪਰਮਜੀਤ ਸਿੰਘ ਨੇ ਆਪਣੇ ਤਿੰਨੋਂ ਸਾਥੀਆਂ ਕਪਿਲ ਛਿੰਬਾ, ਸਾਗਰ ਅਤੇ ਸਿਮਰਨ ਨਿਵਾਸੀ ਗੀਤਾ ਕਾਲੋਨੀ ਜਲੰਧਰ ਹਾਲ ਵਡਾਲਾ ਚੌਕ ਨਾਲ ਮਿਲਵਾ ਦਿੱਤਾ, ਜਿਨ੍ਹਾਂ ਨੇ ਮੈਡੀਕਲ ਕਰਵਾਉਣ ਲਈ ਸਾਡੇ ਪਾਸਪੋਰਟ ਆਪਣੇ ਕੋਲ ਰੱਖ ਲਏ ਅਤੇ ਤਿੰਨੋਂ ਪਰਿਵਾਰਾਂ ਦੇ ਮੈਡੀਕਲ ਕਰਵਾ ਦਿੱਤੇ ਅਤੇ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਭੁਪਿੰਦਰ ਸਿੰਘ ਤੋਂ ਸਾਢੇ 12 ਲੱਖ ਰੁਪਏ, ਹਰਿੰਦਰ ਸਿੰਘ ਤੋਂ ਸਾਢੇ 12 ਲੱਖ ਰੁਪਏ ਅਤੇ ਨਿਰਭੈ ਸਿੰਘ ਤੋਂ 12 ਲੱਖ ਰੁਪਏ ਲੈ ਲਏ ਅਤੇ ਕਿਹਾ ਕਿ ਜਲਦ ਹੀ ਪਰਿਵਾਰ ਸਮੇਤ ਉਨ੍ਹਾਂ ਦੇ ਵੀਜ਼ੇ ਆ ਜਾਣਗੇ ਪਰ ਸਾਡੇ ਵੀਜ਼ੇ ਨਹੀਂ ਆਏ, ਜਿਸ ’ਤੇ ਸਾਨੂੰ ਸ਼ੱਕ ਹੋਇਆ ਕਿ ਸਾਡੇ ਨਾਲ ਧੋਖਾ ਹੋਇਆ ਹੈ, ਜਦ ਅਸੀਂ ਉਸ ਨਾਲ ਗੱਲ ਕਰਦੇ ਤਾਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਡਾ ਕੰਮ ਨਾ ਹੋਇਆ ਤਾਂ ਪੈਸੇ ਵਾਪਸ ਕਰ ਦਿੱਤ ਜਾਣਗੇ ਅਤੇ ਉਨ੍ਹਾਂ ਤਿੰਨਾਂ ਨੂੰ ਚੈੱਕ ਵੀ ਦੇ ਦਿੱਤੇ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਨਾ ਤਾਂ ਸਾਨੂੰ ਪਰਿਵਾਰ ਸਮੇਤ ਕੈਨੇਡਾ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ ।

ਕੀ ਹੋਈ ਪੁਲਸ ਕਾਰਵਾਈ

ਇਸ ਮਾਮਲੇ ਦੀ ਜਾਂਚ ਐੱਸ. ਪੀ. ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਵਾਂ ਧਿਰਾਂ ਨੂੰ ਜਾਂਚ ਅਧਿਕਾਰੀ ਨੇ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਟਰੈਵਲ ਏਜੰਟ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਗਿੱਲ, ਰੇਖਾ ਦੇਵੀ ਨਿਵਾਸੀ ਪਿੰਡ ਨਿੱਕੂ ਚਕਰ (ਮੁਕੇਰੀਆਂ), ਕਪਿਲ ਛਿੰਬਾ, ਸਾਗਰ, ਸਿਮਰਨ ਸਾਰੇ ਨਿਵਾਸੀ ਕਾਲਾ ਸੰਗਿਆਂ ਰੋਡ ਜਲੰਧਰ ਖਿਲਾਫ ਥਾਣਾ ਬਾਘਾਪੁਰਾਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Bharat Thapa

Content Editor

Related News