ਬਿਹਾਰ ਦੇ 3 ਨੌਜਵਾਨ ਸਾਈਕਲ ਰਾਹੀਂ 2400 ਕਿਲੋਮੀਟਰ ਸਫ਼ਰ ਤੈਅ ਕਰ ਹੁਸੈਨੀਵਾਲਾ ਸਮਾਰਕ ਵਿਖੇ ਹੋਏ ਨਤਮਸਤਕ

Tuesday, Sep 28, 2021 - 06:44 PM (IST)

ਬਿਹਾਰ ਦੇ 3 ਨੌਜਵਾਨ ਸਾਈਕਲ ਰਾਹੀਂ 2400 ਕਿਲੋਮੀਟਰ ਸਫ਼ਰ ਤੈਅ ਕਰ ਹੁਸੈਨੀਵਾਲਾ ਸਮਾਰਕ ਵਿਖੇ ਹੋਏ ਨਤਮਸਤਕ

ਫ਼ਿਰੋਜ਼ਪੁਰ (ਹਰਚਰਨ ਸਿੰਘ ਸਾਮਾ, ਬਿੱਟੂ)-ਦੇਸ਼ਭਗਤੀ ਦਾ ਜਜ਼ਬਾ ਰੱਖਦੇ ਬਿਹਾਰ ਦੇ 3 ਨੌਜਵਾਨ ਸੁਸ਼ਾਂਤ ਸਿੰਘ, ਬ੍ਰਿਜੇਸ਼ ਕੁਮਾਰ ਅਤੇ ਰਾਜ ਕੁਮਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ 5 ਸਤੰਬਰ ਨੂੰ ਸਾਈਕਲ ਯਾਤਰਾ ਸ਼ੁਰੂ ਕਰ ਕੇ 2400 ਕਿਲੋਮੀਟਰ ਦਾ ਸਫਰ ਤਹਿ ਕਰਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੇ ਸ਼ਹੀਦੀ ਅਸਥਾਨ ਹੁਸੈਨੀਵਾਲਾ ਸਮਾਰਕ ’ਤੇ ਨਤਮਸਤਕ ਹੋਣ ਲਈ ਪਹੁੰਚੇ।

PunjabKesari

ਸ਼ਹੀਦੀ ਸਮਾਰਕ ਦੇ ਨਜ਼ਦੀਕ ਲੱਗਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ’ਚ ਨਿੱਘਾ ਸਵਾਗਤ ਕੀਤਾ ਅਤੇ ਇਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਐੱਨ. ਸੀ. ਸੀ. ਯੂਨਿਟ ਦੇ ਵਾਲੰਟੀਅਰਜ਼ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ, ਜੋ ਗੱਟੀ ਰਾਜੋ ਕੇ ਸਕੂਲ ਤੋਂ ਸ਼ਹੀਦੀ ਸਮਾਰਕ ਤੱਕ ਕੱਢੀ ਗਈ, ਦੀ ਅਗਵਾਈ ਵੀ ਇਨ੍ਹਾਂ 3 ਨੌਜਵਾਨਾਂ ਨੇ ਕੀਤੀ।

PunjabKesari

ਸਾਈਕਲ ਯਾਤਰਾ ਦੇ ਟੀਮ ਲੀਡਰ ਸੁਸ਼ਾਂਤ ਸਿੰਘ ਨੇ ਐੱਨ. ਸੀ. ਸੀ. ਵਾਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾ ਕੇ ਨੌਜਵਾਨ ਦੇਸ਼ ਦੀ ਤਰੱਕੀ ’ਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਸਾਹਸ, ਬੁੱਧੀਮਤਾ ਅਤੇ ਦਲੇਰੀ ਨਾਲ ਤਾਕਤਵਰ ਬ੍ਰਿਟਿਸ਼ ਹਕੂਮਤ ਦਾ ਮੁਕਾਬਲਾ ਕੀਤਾ, ਉਹ ਨੌਜਵਾਨ ਵਰਗ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿਣਗੇ। ਬ੍ਰਿਜੇਸ਼ ਸਿੰਘ ਅਤੇ ਰਾਜ ਕੁਮਾਰ ਨੇ ਹੁਸੈਨੀਵਾਲਾ ਸਮਾਰਕ ’ਤੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਇਹ ਸਥਾਨ  ਸਾਡੇ ਲਈ ਬਹੁਤ ਵੱਡਾ ਪ੍ਰੇਰਣਾ ਅਸਥਾਨ ਹੈ। ਉਨ੍ਹਾਂ ਨੇ 2400 ਕਿਲੋਮੀਟਰ ਦੀ ਸਾਈਕਲ ਯਾਤਰਾ ਦੌਰਾਨ ਆਈਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਇਸ ਪਵਿੱਤਰ ਸਥਾਨ ’ਤੇ ਪਹੁੰਚ ਕੇ ਸਭ ਦੁੱਖ-ਤਕਲੀਫ਼ਾਂ ਭੁੱਲ ਚੁੱਕੇ ਹਨ।

PunjabKesari

ਉਨ੍ਹਾਂ ਨੇ ਬੀ. ਕੇ. ਦੱਤ ਅਤੇ ਪੰਜਾਬ ਮਾਤਾ ਜੀ ਦੀਆਂ ਯਾਦਗਾਰਾਂ ਉਪਰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਤਮਸਤਕ ਹੋਏ । ਡਾ. ਸਤਿੰਦਰ ਸਿੰਘ ਨੇ ਇਨ੍ਹਾਂ ਨੌਜਵਾਨਾਂ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜੋਕੇ ਸਮਾਜ ’ਚ ਜਦੋਂ ਰੰਗ-ਭੇਦ ,ਜਾਤ-ਪਾਤ ਅਤੇ ਆਰਥਿਕ ਨਾਬਰਾਬਰੀ ਤੇਜ਼ੀ ਨਾਲ ਵਧ ਰਹੀ ਹੈ ਤਾਂ ਉਸ ਸਮੇਂ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਨੌਜਵਾਨ ਵਰਗ ਨੂੰ ਜੋੜਨ ਦੇ ਯਤਨ ਬੇਹੱਦ ਸ਼ਲਾਘਾਯੋਗ ਹਨ। ਇਸ ਮੌਕੇ ਪ੍ਰਮਿੰਦਰ ਸਿੰਘ ਸੋਢੀ, ਸੰਦੀਪ ਕੁਮਾਰ ਐੱਨ. ਸੀ. ਸੀ. ਇੰਚਾਰਜ, ਅਰੁਣ ਕੁਮਾਰ, ਗੁਰਪਿੰਦਰ ਸਿੰਘ, ਮਨਦੀਪ ਸਿੰਘ, ਵਿਸ਼ਾਲ ਕੁਮਾਰ, ਦਵਿੰਦਰ ਕੁਮਾਰ ਅਤੇ ਸਮੂਹ ਸਕੂਲ ਸਟਾਫ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


author

Manoj

Content Editor

Related News