ਰੋਡਵੇਜ਼ ਬੱਸ ਦੀ ਲਪੇਟ ''ਚ ਆਉਣ ਨਾਲ 3 ਦੀ ਮੌਤ

Wednesday, Feb 19, 2020 - 12:23 AM (IST)

ਰੋਡਵੇਜ਼ ਬੱਸ ਦੀ ਲਪੇਟ ''ਚ ਆਉਣ ਨਾਲ 3 ਦੀ ਮੌਤ

ਲਾਲੜੂ, (ਗੁਰਪ੍ਰੀਤ)— ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਪਿੰਡ ਆਲਮਗੀਰ ਨਜ਼ਦੀਕ ਤੇਜ਼ ਰਫਤਾਰ ਹਰਿਆਣਾ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ, ਔਰਤ ਤੇ ਬੱਚੇ ਦੀ ਮੌਤ ਹੋ ਗਈ, ਜਦੋਂਕਿ ਬੱਸ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਹਾਦਸਾ ਸ਼ਾਮ ਨੂੰ ਕਰੀਬ 5 ਵਜੇ ਹੋਇਆ। ਬੱਸ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ।
ਟੱਕਰ ਇੰਨੀ ਭਿਆਨਕ ਸੀ ਕਿ ਤਿੰਨੇ ਮੋਟਰਸਾਈਕਲ ਸਵਾਰ ਸੜਕ 'ਤੇ ਜਾ ਡਿੱਗੇ। ਸਿਰ 'ਚ ਸੱਟ ਲੱਗਣ ਕਾਰਣ ਬੱਚੇ ਤੇ ਔਰਤ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦੋਂਕਿ ਮੋਟਸਾਈਕਲ ਚਲਾ ਰਹੇ ਨੌਜਵਾਨ ਨੂੰ ਡੇਰਾਬੱਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਸੈਕਟਰ-32 ਹਸਪਤਾਲ ਰੈਫਰ ਕਰਨ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।

ਨਵਾਂ ਲਿਆ ਸੀ ਮੋਟਰਸਾਈਕਲ
ਮੋਟਰਸਾਈਕਲ ਚਾਲਕ ਦੀ ਪਛਾਣ 25 ਸਾਲ ਦੇ ਚੰਦਨ ਦੇ ਰੂਪ 'ਚ ਹੋਈ ਹੈ। ਉਹ ਮੂਲ ਰੂਪ ਤੋਂ ਪਿੰਡ ਫਿਰੋਜ਼ਪੁਰ ਜ਼ਿਲਾ ਛਪਰਾ, ਬਿਹਾਰ ਦਾ ਰਹਿਣ ਵਾਲਾ ਸੀ ਤੇ ਲਾਲੜੂ 'ਚ ਧਰਮਗੜ੍ਹ ਰੋਡ 'ਤੇ ਕਿਰਾਏਦਾਰ ਦੇ ਤੌਰ 'ਤੇ ਰਹਿ ਰਿਹਾ ਸੀ। ਉਸਦੇ ਛੋਟੇ ਭਰਾ ਰਾਮਾਇਣ ਨੇ ਦੱਸਿਆ ਕਿ ਚੰਦਨ ਨੇ ਨਵਾਂ ਮੋਟਰਸਾਈਕਲ ਲਿਆ ਸੀ ਅਤੇ ਉਹ ਕਦੋਂ ਮਕਾਨ ਮਾਲਕਣ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬੱਚੇ ਨਾਲ ਨਿਕਲ ਗਿਆ ਉਸਨੂੰ ਕੁਝ ਨਹੀਂ ਪਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ, ਪੁਲਸ ਮਾਮਲੇ ਹੀ ਜਾਂਚ ਕਰ ਰਹੀ ਹੈ।


author

KamalJeet Singh

Content Editor

Related News