ਵਾਹਨ ਚੋਰੀ ਅਤੇ ਲੁੱਟ-ਖੋਹ ਦੇ ਦੋਸ਼ ’ਚ 3 ਗ੍ਰਿਫਤਾਰ

02/05/2020 12:59:51 AM

ਲੁਧਿਆਣਾ, (ਜ. ਬ.)- ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ, ਵਾਹਨ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਦੀ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ ਚੋਰੀ ਕੀਤੇ ਵਾਹਨ, ਮੋਬਾਇਲ, ਦਾਤ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਨੇ ਦੁਰਗਾਪੁਰੀ ਦੇ ਰਹਿਣ ਵਾਲੇ ਮੋਹਿਤ ਕੁਮਾਰ ਉਰਫ ਕਾਕਾ ਅਤੇ ਸੂਰਜਪਾਲ ਉਰਫ ਸ਼ੁਗਨ ਖਿਲਾਫ ਲੁੱਟ-ਖੋਹ ਕਰਨ ਅਤੇ ਦੂਜੇ ਦੋਸ਼ੀ ਖਿਲਾਫ ਵਾਹਨ ਚੋਰੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਮੁਲਜ਼ਮਾਂ ਤੋਂ ਕਈ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਥਾਣਾ ਹੈਬੋਵਾਲ ਦੀ ਪੁਲਸ ਨੇ ਜੱਸੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਇਲਾਕੇ ਵਿਚ ਵਾਰਦਾਤ ਕਰਨ ਦੀ ਤਾਕ ਵਿਚ ਹੈ। ਨਾਕਾਬੰਦੀ ਦੌਰਾਨ ਸੂਚਨਾ ਦੇ ਅਾਧਾਰ ’ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸੁਨੀਲ ਪਾਰਕ ਦੇ ਕੋਲ ਪੈਦਲ ਜਾ ਰਹੇ ਨੌਜਵਾਨ ਤੋਂ ਉਨ੍ਹਾਂ ਨੇ ਮੋਬਾਇਲ ਫੋਨ ਖੋਹਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਸੂਰਜ ਖਿਲਾਫ ਪਹਿਲਾਂ ਹੀ ਥਾਣਾ ਡਵੀਜ਼ਨ ਨੰ. 4, ਥਾਣਾ ਲਾਡੋਵਾਲ, ਥਾਣਾ ਪੀ. ਏ. ਯੂ. ਵਿਚ ਦੋ, ਥਾਣਾ ਹੈਬੋਵਾਲ ਵਿਚ ਵੀ ਦੋ ਕੇਸ ਦਰਜ ਹਨ, ਜਦੋਂਕਿ ਦੋਸ਼ੀ ਨੇ ਜੇਲ ਤੋਂ ਛੁਟਦੇ ਹੀ ਦੂਜੇ ਮੁਲਜ਼ਮ ਨੂੰ ਆਪਣੇ ਨਾਲ ਮਿਲਾ ਕੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਦੋਸ਼ੀਆਂ ਨੇ ਦੱਸਿਆ ਕਿ ਉਹ ਰਾਤ ਨੂੰ ਸੁੰਨਸਾਨ ਇਲਾਕਿਆਂ ਵਿਚ ਇਕੱਲੇ ਜਾ ਰਹੇ ਰਾਹਗੀਰ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਵਾਰਦਾਤ ਦੌਰਾਨ ਉਹ ਵਿਰੋਧ ਕਰਨ ਵਾਲੇ ਲੋਕਾਂ ’ਤੇ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਦੂਜੇ ਕੇਸ ਵਿਚ ਚੌਕੀ ਜਗਤਪੁਰੀ ਦੇ ਇੰਚਾਰਜ ਮਲਕੀਤ ਸਿੰਘ ਦੀ ਪੁਲਸ ਨੇ ਵਾਹਨ ਚੋਰੀ ਕਰਨ ਦੇ ਦੋਸ਼ ਵਿਚ ਹਕੀਕਤ ਨਗਰ ਦੇ ਰਹਿਣ ਵਾਲੇ ਹਰਕੀਰਤ ਸਿੰਘ ਉਰਫ ਪਿੰਟੂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੋਸ਼ੀ ਤੋਂ ਐਕਟਿਵਾ ਹਾਂਡਾ, ਹੋਂਡਾ ਐਕਟਿਵਾ, ਮੋਟਰਸਾਈਕਲ ਅਤੇ ਹੀਰੋ ਡਿਊਟੀ ਸਕੂਟਰੀ ਬਰਾਮਦ ਕੀਤੀ ਹੈ। ਦੋਸ਼ੀ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਵਾਹਨ ਚੋਰੀ ਕਰਨ ਤੋਂ ਪਹਿਲਾਂ ਘਰ ਜਾਂ ਦੁਕਾਨ ਦੇ ਬਾਹਰ ਰੇਕੀ ਕਰਦਾ ਸੀ। ਫਿਰ ਵਾਹਨ ਨੂੰ ਮਾਸਟਰ ਕੀ ਲਾ ਕੇ ਚੋਰੀ ਕਰ ਲੈਂਦਾ ਸੀ। ਮੁਲਜ਼ਮ ਜਲੰਧਰ ਤੋਂ ਆ ਕੇ ਲੁਧਿਆਣਾ ਰਹਿ ਰਿਹਾ ਸੀ। ਤਿੰਨੋਂ ਨਸ਼ੇ ਦੇ ਆਦੀ ਹਨ, ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੋਸ਼ੀਆਂ ਦੇ ਹੋਰ ਸਾਥੀਆਂ ਬਾਰੇ ਵਿਚ ਪਤਾ ਲਾਇਆ ਜਾ ਰਿਹਾ ਹੈ।


Bharat Thapa

Content Editor

Related News