90 ਹਜ਼ਾਰ ਦੀ ਲੁੱਟ ਦੀ ਵਾਰਦਾਤ 12 ਘੰਟਿਆਂ 'ਚ ਸੁਲਝਾਈ, 3 ਮੁਲਜ਼ਮ ਕਾਬੂ
Thursday, Dec 01, 2022 - 07:31 PM (IST)

ਪਾਇਲ (ਵਿਨਾਇਕ) : ਪਾਇਲ ਸਬ-ਡਵੀਜ਼ਨ ਪੁਲਸ ਵੱਲੋਂ 90 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ 12 ਘੰਟਿਆਂ ਵਿੱਚ ਸੁਲਝਾ ਲੈਣ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁਲਸ ਨੇ ਲੁੱਟ-ਖੋਹ ਕੀਤੀ 41 ਹਜ਼ਾਰ ਦੀ ਨਕਦੀ, 2 ਮੋਬਾਈਲ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਇਲ ਦੇ ਡੀਐੱਸਪੀ. ਹਰਸਿਮਰਤ ਸਿੰਘ ਛੇਤਰਾ ਪੀਪੀਐੱਸ ਨੇ ਦੱਸਿਆ ਕਿ ਬੀਤੀ 30 ਨਵੰਬਰ ਨੂੰ ਜਸਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਕੂਹਲੀ ਕਲਾਂ ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਨੇ ਮਲੌਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਘਰੇਲੂ ਜ਼ਰੂਰਤ ਲਈ ਕੁਝ ਪੈਸੇ ਆਪਣੇ ਦੋਸਤ ਹਰਜੀਤ ਸਿੰਘ ਉਰਫ ਮਨੀ ਪਾਸੋਂ ਉਧਾਰ ਲਏ ਸਨ ਤੇ ਇਹ ਪੈਸੇ ਸੋਨੇ ਦੇ ਗਹਿਣੇ ਲੋਨ ਵਜੋਂ ਰੱਖ ਕੇ ਉਸ ਨੂੰ ਵਾਪਸ ਕਰਨੇ ਸਨ। ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਮਨੀ ਆਪਣੀ ਮਾਸੀ ਦੇ ਘਰ ਪਿੰਡ ਸਿਹੜਾ ਆਇਆ ਹੋਇਆ ਸੀ, ਜਿੱਥੇ ਉਹ ਆਪਣੇ ਮੋਟਰਸਾਈਕਲ ‘ਤੇ ਕਰੀਬ 28 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਉਸ ਕੋਲ ਪਿੰਡ ਸਿਹੜਾ ਪੁੱਜਾ।
ਇਹ ਵੀ ਪੜ੍ਹੋ : ਚੌਕੀਦਾਰ ਨੂੰ ਬੰਨ੍ਹ ਕੇ ਲੁਟੇਰੇ ਏਜੰਸੀ 'ਚੋਂ ਲੈ ਗਏ 2 ਟਰੈਕਟਰ, ਤੇਲ ਖਤਮ ਹੋਣ 'ਤੇ ਇਕ ਨੂੰ ਰਸਤੇ ’ਚ ਹੀ ਛੱਡਿਆ
ਇਸ ਮੌਕੇ ਮਨੀ ਤੇ ਉਸ ਦੀ ਮਾਸੀ ਦਾ ਮੁੰਡਾ ਜਸਵੀਰ ਸਿੰਘ ਹਾਜ਼ਰ ਸੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਕਿ ਉਹ ਸੋਨੇ ਦੇ ਗਹਿਣੇ ਲੈ ਕੇ ਆਇਆ ਹੈ ਅਤੇ ਉਹ ਇਨ੍ਹਾਂ ਗਹਿਣਿਆਂ ਨੂੰ ਗਿਰਵੀ ਰੱਖ ਕੇ ਮਥੂਟ ਫਾਈਨਾਂਸ ਕੰਪਨੀ ਮਲੌਦ ਤੋਂ ਗੋਲਡ ਲੋਨ ਲੈ ਕੇ ਆਪ ਨੂੰ ਪੈਸੇ ਵਾਪਸ ਕਰ ਦੇਵੇਗਾ। ਉਪਰੰਤ ਉਹ ਆਪਣੇ ਦੋਸਤ ਮਨੀ ਨਾਲ ਮਥੂਟ ਫਾਈਨਾਂਸ ਕੰਪਨੀ ਮਲੌਦ ਪੁੱਜੇ, ਜਿੱਥੇ ਉਨ੍ਹਾਂ ਮਥੂਟ ਫਾਈਨਾਂਸ ਕੰਪਨੀ ਕੋਲ ਆਪਣੇ ਸੋਨੇ ਦੇ ਗਹਿਣੇ ਰੱਖ ਕੇ ਕਰੀਬ 91,000 ਰੁਪਏ ਦਾ ਲੋਨ ਲੈ ਲਿਆ ਅਤੇ ਇਹ ਨਕਦੀ ਮਨੀ ਨੂੰ ਦੇ ਦਿੱਤੇ। ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਫਾਈਨਾਂਸ ਕੰਪਨੀ ਮਲੌਦ ਤੋਂ ਪਿੰਡ ਪਿੰਡ ਕੂਹਲੀ ਕਲਾਂ ਵਾਪਸ ਆਉਂਦੇ ਸਮੇਂ ਉਹ ਖੁਦ ਮੋਟਰਸਾਈਕਲ ਚਲਾਉਣ ਲੱਗਾ ਤੇ ਮਨੀ ਉਸ ਦੇ ਪਿੱਛੇ ਬੈਠ ਗਿਆ। ਜਦੋਂ ਉਹ ਮਲੌਦ ਤੋਂ ਬੇਰ ਕਲਾਂ ਰੋਡ ‘ਤੇ ਮੈਰਿਜ ਪੈਲੇਸ ਨੇੜੇ ਬਾਅਦ ਦੁਪਹਿਰ 4.30 ਵਜੇ ਕਰੀਬ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਰੋਕ ਲਿਆ ਅਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਥੱਲੇ ਸੁੱਟ ਦਿੱਤਾ ਅਤੇ ਸਾਰੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਮਾਰਿਆ ਗਿਆ ISIS ਦਾ ਸਰਗਣਾ ਅਬੂ ਹਸਨ ਅਲ-ਹਾਸ਼ਿਮੀ, ਇਹ ਹੋਵੇਗਾ ਅੱਤਵਾਦੀ ਸੰਗਠਨ ਦਾ ਨਵਾਂ ਲੀਡਰ
ਡੀਐੱਸਪੀ ਛੇਤਰਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਖੰਨਾ ਪੁਲਸ ਦੇ ਸੀਨੀਅਰ ਪੁਲਸ ਕਪਤਾਨ ਦਯਾਮਾ ਹਰੀਸ਼ ਕੁਮਾਰ ਆਈਪੀਐੱਸ ਦੀ ਹਦਾਇਤ ‘ਤੇ ਪ੍ਰਗਿਆ ਜੈਨ ਆਈਪੀਐੱਸ ਕਪਤਾਨ ਪੁਲਸ (ਆਈ) ਖੰਨਾ ਅਤੇ ਹਰਸਿਮਰਤ ਸਿੰਘ ਪੀਪੀਐੱਸ ਉਪ ਪੁਲਸ ਕਪਤਾਨ ਪਾਇਲ ਦੀ ਸਾਂਝੀ ਨਿਗਰਾਨੀ 'ਚ ਉਕਤ ਮੁਕੱਦਮੇ ਦੀ ਤਫਤੀਸ਼ ਸਬੰਧੀ ਥਾਣੇਦਾਰ ਰਾਓ ਵਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਲੌਦ ਵੱਲੋਂ ਏਐੱਸਆਈ ਗੁਰਮੀਤ ਸਿੰਘ, ਏਐੱਸਆਈ ਕੁਲਵਿੰਦਰ ਸਿੰਘ, ਏਐੱਸਆਈ ਹਰਜਿੰਦਰ ਸਿੰਘ ਅਤੇ ਹੌਲਦਾਰ ਹਰਮਿੰਦਰ ਸਿੰਘ, ਸਿਪਾਹੀ ਰਾਜਵੀਰ ਸਿੰਘ ਤੇ ਪੀਐੱਚਜੀ ਚਰਨਜੀਤ ਸਿੰਘ ਦੀ ਸਾਂਝੀ ਟੀਮ ਬਣਾਈ ਗਈ।
ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)
ਤਫਤੀਸ਼ ਦੌਰਾਨ ਪੁਲਸ ਪਾਰਟੀ ਵੱਲੋਂ ਗਵਾਹ ਮੌਕਾ ਹਰਜੀਤ ਸਿੰਘ ਦੀ ਸ਼ਨਾਖਤ ‘ਤੇ ਉਸ ਦੀ ਮਾਸੀ ਦੇ ਲੜਕੇ ਜਸਵੀਰ ਸਿੰਘ ਉਰਫ ਘੁੱਗੀ ਨੂੰ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਵਾਰਦਾਤ ਕਰਨ ਵਾਲੇ ਸਾਥੀ ਮੁਲਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੂੰ ਬੱਸ ਸਟੈਂਡ ਰੋੜੀਆ ਤੋਂ ਨਾਕੇਬੰਦੀ ਦੌਰਾਨ ਮੁਲਜ਼ਮ ਜਸਵੀਰ ਸਿੰਘ ਅਤੇ ਗਵਾਹ ਹਰਜੀਤ ਸਿੰਘ ਦੀ ਸ਼ਨਾਖਤ ‘ਤੇ ਮੁਲਜ਼ਮ ਗਗਨਦੀਪ ਸਿੰਘ ਉਰਫ ਗਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬੇਰ ਕਲਾਂ ਅਤੇ ਅਰਸ਼ਦ ਅਲੀ ਪੁੱਤਰ ਸਫੀ ਮੁਹੰਮਦ ਵਾਸੀ ਕਿਲ੍ਹਾ ਅਹਿਮਦਗੜ੍ਹ ਨਵੀਂ ਅਬਾਦੀ ਵਾਰਡ ਨੰਬਰ 18, ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰਕੇ ਲੁੱਟ-ਖੋਹ ਦੀ ਵਾਰਦਾਤ ਦੌਰਾਨ ਵਰਤੇ ਗਏ ਮੋਟਰਸਾਈਕਲ ਨੂੰ ਆਪਣੇ ਕਬਜ਼ੇ ‘ਚ ਲਿਆ ਗਿਆ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਸ਼ਨਾਖਤ ‘ਤੇ ਲੁੱਟ-ਖੋਹ ਕੀਤੀ ਰਕਮ ‘ਚੋਂ 41,000 ਰੁਪਏ ਵੀ ਬਰਾਮਦ ਕੀਤੇ ਗਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।