ਮਾਨਸਾ ਜ਼ਿਲ੍ਹੇ ''ਚ ਕੋਰੋਨਾ ਨਾਲ 28ਵੀਂ ਮੌਤ, 21 ਦੀ ਰਿਪੋਰਟ ਪਾਜ਼ੇਟਿਵ

09/26/2020 7:59:43 PM

ਮਾਨਸਾ, (ਸੰਦੀਪ ਮਿੱਤਲ)- ਪੰਜਾਬ ਵਿਚ ਦਿਨ-ਬ-ਦਿਨ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਤਹਿਤ ਹੁਣ ਤੱਕ ਜਿੱਥੇ ਪੰਜਾਬ ਵਿਚ 1 ਲੱਖ ਤੋਂ ਵੀ ਵੱਧ ਲੋਕ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ ਉਥੇ ਹੀ ਸੂਬੇ ਭਰ ਵਿਚ 3 ਹਜ਼ਾਰ ਤੋਂ ਵੀ ਵੱਧ ਵਿਅਕਤੀ ਇਸ ਬਿਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਿਸ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਨਸਾ ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨਾਲ ਮੌਤਾਂ ਦੀ ਗਿਣਤੀ ਹੁਣ 18 'ਤੇ ਪਹੁੰਚ ਗਈ ਹੈ ਉਥੇ ਪਿਛਲੇ 24 ਘੰਟਿਆਂ ਵਿਚ 21 ਮਰੀਜ਼ ਨਵੇਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ ਠੀਕ ਹੋਣ ਤੇ 75 ਮਰੀਜ਼ ਆਪਣੇ ਘਰਾਂ ਨੂੰ ਚਲੇ ਗਏ। ਜਦੋਂ ਕਿ ਅੱਜ ਕੋਰੋਨਾ ਸਬੰਧੀ 350 ਲੋਕਾਂ ਦੇ ਸੈਂਪਲ ਵੀ ਲਏ ਗਏ ਹਨ।
ਇਸ ਸਬੰਧੀ ਕੋਰੋਨਾ ਸੈਂਪਲਿੰਗ ਟੀਮ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਰਾਏ ਦੀ ਅਗਵਾਈ ਹੇਠ ਜਿੱਥੇ ਮਾਨਸਾ ਜ਼ਿਲ੍ਹੇ ਵਿਚ ਸੈਂਪਲਿੰਗ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਉਥੇ ਹੀ ਅੱਜ ਸੀ.ਐਚ.ਸੀ ਝੁਨੀਰ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਸਬੰਧੀ ਸੈਂਪਲ ਲਏ ਗਏ। ਇਸ ਮੌਕੇ ਡਾ. ਰਾਏ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਿਨੋ ਦਿਨ ਵਧ ਰਹੇ ਹਨ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਮਾਜ ਅਤੇ ਆਪਣੇ ਪਰਿਵਾਰ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਡਾ. ਸੋਹਣ ਲਾਲ ਅਰੋੜਾ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਨੇ ਦੱਸਿਆ ਕਿ ਗਰਭਵਤੀ ਔਰਤਾਂ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਜਣੇਪੇ ਦੌਰਾਨ ਉਸ ਅਤੇ ਉਸਦੇ ਹੋਣ ਵਾਲੇ ਬੱਚੇ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਡਾ. ਰਮਨਦੀਪ ਸਿੰਘ, ਦਵਿੰਦਰਪਾਲ ਸਿੰਘ, ਸੁਖਪ੍ਰੀਤ ਸਿੰਘ, ਕੁਲਦੀਪ ਕੌਰ, ਪਵਨ ਕੁਮਾਰ ਵੀ ਮੌਜੂਦ ਸਨ।


Bharat Thapa

Content Editor

Related News