ਜ਼ਮੀਨ ਵਿਕਰੀ ਦੇ ਮਾਮਲੇ ’ਚ 20 ਲੱਖ ਦੀ ਠੱਗੀ

11/14/2018 1:56:52 AM

ਮੋਗਾ, (ਅਾਜ਼ਾਦ)- ਪਿੰਡ ਸੰਗਤਪੁਰਾ ਨਿਵਾਸੀ ਦਿਲਬਾਗ ਸਿੰਘ ਨੇ ਪਤੀ-ਪਤਨੀ ’ਤੇ ਕਥਿਤ ਮਿਲੀਭੁਗਤ ਕਰ ਕੇ ਜ਼ਮੀਨ ਵਿਕਰੀ ਮਾਮਲੇ ’ਚ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

 ਕੀ ਹੈ ਸਾਰਾ ਮਾਮਲਾ
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਪਰਮਜੀਤ ਕੌਰ ਨਿਵਾਸੀ ਪਿੰਡ ਸਿਵੀਆਂ (ਫਰੀਦਕੋਟ) ਹਾਲ ਐੱਮ. ਪੀ. ਕਾਲੋਨੀ ਲੰਡੇਕੇ  ਨਾਲ ਉਸ ਦੀ 42 ਕਨਾਲਾਂ ਜ਼ਮੀਨ, ਜੋ ਪਿੰਡ ਢਿੱਲਵਾਂ ਕਲਾਂ ਤੇ ਸਿਵੀਆਂ ’ਚ ਹੈ, ਦਾ ਇਕਰਾਰਨਾਮਾ 5 ਦਸੰਬਰ, 2017 ਨੂੰ 6 ਲੱਖ ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਕੀਤਾ ਸੀ। ਇਕਰਾਰਨਾਮੇ ਸਮੇਂ ਮੈਂ ਪਰਮਜੀਤ ਕੌਰ ਤੇ ਉਸ ਦੇ ਪਤੀ ਰਾਜਦੀਪ ਸਿੰਘ ਨੂੰ 10 ਲੱਖ ਰੁਪਏ ਜ਼ਿਲਾ ਕਚਹਿਰੀ ਮੋਗਾ ’ਚ ਦੇ ਦਿੱਤੇ ਤੇ ਉਕਤ ਜਗ੍ਹਾ ਦੀ ਰਜਿਸਟਰੀ 28 ਫਰਵਰੀ ਨੂੰ ਕਰਵਾਉਣ ਦੀ ਗੱਲ ਤੈਅ ਹੋਈ। ਇਕਰਾਰਨਾਮੇ ਸਮੇਂ ਇਹ ਤੈਅ ਕੀਤਾ ਗਿਆ ਕਿ ਜੇਕਰ ਉਹ ਮੈਨੂੰ ਰਜਿਸਟਰੀ ਨਾ ਕਰਵਾਏ ਤਾਂ ਬਤੌਰ ਹਰਜਾਨਾ 10 ਲੱਖ ਰੁਪਏ (ਕੁੱਲ 20 ਲੱਖ) ਹੋਰ ਦਿੱਤਾ ਜਾਵੇਗਾ ਪਰ ਕਥਿਤ ਦੋਸ਼ੀ ਨੇ ਸਮੇਂ ’ਤੇ ਰਜਿਸਟਰੀ ਨਾ ਕਰਵਾਈ ਤੇ ਉਕਤ ਜ਼ਮੀਨ ਦਾ ਇਕਰਾਰਨਾਮਾ ਹਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਬਾਘਾਪੁਰਾਣਾ ਦੇ ਨਾਲ ਕਰ ਲਿਆ ਤੇ ਮੈਨੂੰ ਕਿਹਾ ਕਿ ਰਜਿਸਟਰੀ ਦੇ ਬਾਅਦ ਉਹ ਆਪ ਨੂੰ ਪੈਸੇ ਵਾਪਸ ਕਰ ਦੇਣਗੇ, ਜੋ ਨਹੀਂ ਕੀਤੇ। ਜਦ ਮੈਂ ਗੱਲ ਕੀਤੀ ਤਾਂ ਇਕਰਾਰਨਾਮੇ ਦੀ ਸ਼ਰਤ ਮੁਤਾਬਕ ਪਰਮਜੀਤ ਕੌਰ ਦੇ ਪਤੀ ਰਾਜਦੀਪ ਸਿੰਘ ਨੇ ਮੈਨੂੰ 20 ਲੱਖ ਰੁਪਏ ਦਾ ਚੈੱਕ ਜੋ ਕੋਆਪ੍ਰੇਟਿਵ ਬੈਂਕ ਦਾ ਸੀ, ਦੇ ਦਿੱਤਾ। ਜਦ ਮੈਂ ਚੈੱਕ ਬੈਂਕ ’ਚ ਲਾਇਆ ਤਾਂ ਚੈੱਕ ਪਾਸ ਨਹੀਂ ਹੋਇਆ। ਇਸ ਤਰ੍ਹਾਂ ਮੇਰੇ ਨਾਲ ਕਥਿਤ ਦੋਸ਼ੀ ਪਤੀ-ਪਤਨੀ ਨੇ ਮਿਲੀਭੁਗਤ ਕਰ ਕੇ 20 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
 ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ ’ਤੇ ਇਸ ਦੀ ਜਾਂਚ ਡੀ.ਐੱਸ.ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ।  ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਪਰਜਮੀਤ ਕੌਰ ਤੇ ਉਸ ਦੇ ਪਤੀ ਰਾਜਦੀਪ ਸਿੰਘ ਨਿਵਾਸੀ ਪਿੰਡ ਸਿਵੀਆਂ (ਫਰੀਦਕੋਟ) ਹਾਲ ਅਾਬਾਦ ਐੱਮ. ਪੀ. ਬਸਤੀ ਲੰਡੇਕੇ  ਖਿਲਾਫ ਥਾਣਾ ਸਿਟੀ ਮੋਗਾ ’ਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਉਕਤ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉੁਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
 


Related News