ਨਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ''ਤੇ 2 ਖਿਲਾਫ ਮਾਮਲਾ ਦਰਜ
Saturday, Apr 06, 2019 - 09:49 PM (IST)
ਕੋਟਕਪੂਰਾ,(ਨਰਿੰਦਰ) : ਸਥਾਨਕ ਥਾਣਾ ਸਿਟੀ ਅਤੇ ਥਾਣਾ ਸਦਰ 'ਚ ਵੱਖ-ਵੱਖ ਥਾਵਾਂ ਤੋਂ ਦੋ ਨਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਮਾਮਲੇ ਦਰਜ ਕੀਤੇ ਗਏ ਹਨ। ਇੰਨਾਂ ਦੋਵੇਂ ਮਾਮਲਿਆਂ ਦਾ ਸਭ ਤੋਂ ਅਫਸੋਸਨਾਕ ਪਹਿਲੂ ਇਹ ਹੈ ਕਿ ਵਰਗਲਾਈਆਂ ਗਈਆਂ ਦੋਵੇਂ ਲੜਕੀਆਂ ਨਬਾਲਗ ਹਨ ਅਤੇ ਉਨ੍ਹਾਂ ਦੀ ਉਮਰ ਕ੍ਰਮਵਾਰ 14 ਅਤੇ 15 ਸਾਲ ਹੈ, ਜਦਕਿ ਦੋਨਾਂ ਮਾਮਲਿਆਂ 'ਚ ਲੜਕਿਆਂ ਦੀ ਉਮਰ 22-22 ਸਾਲ ਹੈ। ਸਥਾਨਕ ਸਦਰ ਥਾਣੇ ਦੀ ਪੁਲਸ ਨੇ ਨੇੜਲੇ ਪਿੰਡ ਖਾਰਾ ਤੋਂ ਮਹਿਜ 14 ਸਾਲ ਦੀ ਲੜਕੀ ਨੂੰ ਉਸਦੇ ਪਿੰਡ ਦੇ ਹੀ ਵਸਨੀਕ 22 ਸਾਲਾ ਲੜਕੇ ਜਸ਼ਨਦੀਪ ਸਿੰਘ ਵਲੋਂ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ਹੇਠ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਆਈ. ਪੀ. ਸੀ. ਦੀ ਧਾਰਾ 363/366ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਸਥਾਨਕ ਸਿਟੀ ਥਾਣੇ ਦੀ ਪੁਲਸ ਨੇ ਸਥਾਨਕ ਸ਼ਹਿਰ ਦੀ ਮਹਿਜ 15 ਸਾਲ ਦੀ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਜੀਵਨ ਸਿੰਘ ਵਾਸੀ ਪਿੰਡ ਬਹੋਨਾ (ਮੋਗਾ) ਹਾਲ ਅਬਾਦ ਛਿੱਬਰਾਂ ਵਾਲੀ ਗਲੀ ਕੋਟਕਪੂਰਾ ਖਿਲਾਫ ਉਕਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਤਫਤੀਸ਼ੀ ਅਫਸਰ ਏ. ਐਸ. ਆਈ. ਕਰਮਜੀਤ ਸਿੰਘ ਨੂੰ ਦਿੱਤੇ ਬਿਆਨਾਂ 'ਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਨਬਾਲਗ ਲੜਕੀ ਦਾ ਵਾਰ-ਵਾਰ ਪਿੱਛਾ ਕਰਕੇ ਤੰਗ-ਪ੍ਰੇਸ਼ਾਨ ਕਰਨ ਤੋਂ ਜੀਵਨ ਸਿੰਘ ਨੂੰ ਰੋਕਿਆ ਗਿਆ ਪਰ ਉਹ ਲੜਕੀ ਨੂੰ ਵਰਗਲਾ ਕੇ ਲੈ ਗਿਆ।
