ਕਲਰਕ ਦੀ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 2 ਲੱਖ 70 ਹਜ਼ਾਰ ਰੁਪਏ

08/31/2023 4:52:36 PM

ਮੋਗਾ (ਅਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਕਮਾਲਕੇ ਨਿਵਾਸੀ ਕਸ਼ਮੀਰ ਸਿੰਘ ਦੇ ਬੇਟੇ ਜਗਜੀਤ ਸਿੰਘ ਨੂੰ ਜ਼ਿਲ੍ਹਾ ਕਚਚਿਰੀ ਤਰਨਤਾਰਨ ਵਿਚ ਸਰਕਾਰੀ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ 70 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਜਾਂਚ ਮਗਰੋਂ ਸੇਵਾਦਾਰ ਗੁਲਫਾਮ ਮਸੀਹ ਨਿਵਾਸੀ ਤਰਨਤਾਰਨ ਖ਼ਿਲਾਫ਼ ਥਾਣਾ ਧਰਮਕੋਟ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਸ਼ਮੀਰ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਜਸਵਿੰਦਰ ਕੌਰ ਨਿਵਾਸੀ ਹਰੀਕੇ ਅਤੇ ਕਥਿਤ ਦੋਸ਼ੀ ਗੁਲਫ਼ਾਮ ਮਸੀਹ ਇੱਕੋ ਹੀ ਧਰਮ ਨਾਲ ਸਬੰਧਤ ਹੋਣ ਕਰਕੇ ਉਹ ਅਕਸਰ ਹੀ ਧਾਰਮਿਕ ਸਮਾਗਮਾਂ ਵਿਚ ਮਿਲਦੇ ਰਹਿੰਦੇ ਸਨ, ਜਿਸ ਕਾਰਨ ਸਾਡੀ ਗੁਲਫ਼ਾਮ ਮਸੀਹ ਜੋ ਜ਼ਿਲ੍ਹਾ ਕਚਹਿਰੀ ਤਰਨਤਾਰਨ ਵਿਚ ਬਤੌਰ ਸੇਵਾਦਾਰ ਕੰਮ ਕਰਦਾ ਹੈ ਅਤੇ ਉਸ ਦੇ ਪਰਿਵਾਰ ਨਾਲ ਚੰਗੀ ਜਾਣ ਪਛਾਣ ਹੋ ਗਈ। ਉਸ ਨੇ ਕਿਹਾ ਕਿ ਉਹ ਤੁਹਾਡੇ ਬੇਟੇ ਜਗਜੀਤ ਸਿੰਘ ਨੂੰ ਸਰਕਾਰੀ ਕਲਰਕ ਦੀ ਪੋਸਟ ’ਤੇ ਨੌਕਰੀ ਦਿਵਾ ਦੇਵੇਗਾ ਕਿਉਂਕਿ ਇਕ ਵਿਅਕਤੀ ਰਿਟਾਇਰਡ ਹੋਣ ਵਾਲਾ ਹੈ ਅਤੇ ਇਸ ਕੰਮ ਲਈ ਕਰੀਬ 3 ਲੱਖ ਰੁਪਏ ਖ਼ਰਚ ਆਵੇਗਾ। ਅਸੀਂ ਉਸ ਨੂੰ ਹਾਂ ਕਰ ਦਿੱਤੀ ਅਤੇ ਅਕਤੂਬਰ 2022 ਵਿਚ ਉਹ ਸਾਡੇ ਪਿੰਡ ਆਏ ਅਤੇ ਪੈਸਿਆਂ ਦੀ ਮੰਗ ਕੀਤੀ, ਜਿਸ ’ਤੇ ਅਸੀਂ ਉਸ ਨੂੰ 40 ਹਜ਼ਾਰ ਰੁਪਏ ਨਗਦ ਦੇ ਦਿੱਤੇ ਅਤੇ ਇਸੇ ਤਰ੍ਹਾਂ ਉਸ ਨੇ 63 ਹਜ਼ਾਰ ਰੁਪਏ ਖਜ਼ਾਨਚੀ ਨੂੰ ਦੇਣ ਲਈ, 50 ਹਜ਼ਾਰ ਰੁਪਏ ਮੈਡੀਕਲ ਕਰਵਾਉਣ ਲਈ ਅਤੇ 10 ਹਜ਼ਾਰ ਰੁਪਏ ਪਾਰਟੀ ਦੇ ਇਲਾਵਾ ਪੁਲਸ ਵੈਫੀਫਿਕੇਸ਼ਨ ਦੇ ਪੈਸੇ ਵੀ ਲੈ ਲਏ। 

ਇਹ ਵੀ ਪੜ੍ਹੋ- ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ 'ਚ ਪਿਆ ਰਿਸ਼ਤਾ, 3 ਸਾਲ ਮਗਰੋਂ ਸੱਚ ਜਾਣ ਹੈਰਾਨ ਰਹਿ ਗਿਆ ਮੁੰਡਾ

ਇਸ ਤਰ੍ਹਾਂ ਉਸ ਨੇ ਸਾਡੇ ਕੋਲੋਂ ਹੋਲੀ ਹੋਲੀ ਕਰਕੇ 2 ਲੱਖ 70 ਹਜ਼ਾਰ ਰੁਪਏ ਬਟੋਰ ਲਏ ਅਤੇ ਨਾਲ ਹੀ ਦੋ ਖਾਲੀ ਚੈਕ ਵੀ ਸਾਡੇ ਕੋਲੋਂ ਲਏ ਅਤੇ ਕਿਹਾ ਕਿ ਇਹ ਚੈਕ ਤੁਹਾਡੇ ਬੇਟੇ ਜਗਜੀਤ ਸਿੰਘ ਦਾ ਬੈਂਕ ਖਾਤਾ ਖੁੱਲ੍ਹਵਾਉਣ ਲਈ ਬਤੌਰ ਗਰੰਟੀ ਚਾਹੀਦੇ ਹਨ। ਉਸ ਨੇ ਸਾਡੇ ਬੇਟੇ ਦੇ ਸਾਰਾ ਦਸਤਾਵੇਜ਼ ਵੀ ਪ੍ਰਾਪਤ ਕਰ ਲਏ। ਇਸ ਉਪਰੰਤ ਉਹ ਸਾਨੂੰ ਲਾਰੇ ਲੱਪੇ ਲਗਾਉਣ ਲੱਗ ਪਿਆ। ਅਸੀਂ ਕਈ ਵਾਰ ਉਸ ਨਾਲ ਗੱਲਬਾਤ ਕੀਤੀ ਕਿ ਸਾਡੇ ਬੇਟੇ ਨੂੰ ਕਦੋਂ ਨੌਕਰੀ ਮਿਲੇਗੀ, ਜਿਸ ’ਤੇ ਉਹ ਸਾਨੂੰ ਭਰੋਸੇ ਦੇਣ ਲੱਗਾ ਪਰ ਨੌਕਰੀ ’ਤੇ ਨਹੀਂ ਲਗਵਾਇਆ। ਇਸ ਤਰ੍ਹਾਂ ਸਾਡੇ ਨਾਲ ਕਥਿਤ ਦੋਸ਼ੀ ਨੇ ਧੋਖਾਦੇਹੀ ਕੀਤੀ ਹੈ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਜਾਂਚ ਸਮੇਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਬੁਲਾਇਆ ਪਰ ਗੁਲਫ਼ਾਮ ਮਸੀਹ ਦੀ ਪਤਨੀ ਹਾਜ਼ਰ ਹੋਈ ਅਤੇ ਸਮਾਂ ਲੈ ਕੇ ਚਲੀ ਗਈ ਪਰ ਬਾਅਦ ਵਿਚ ਆਪਣਾ ਪੱਖ ਪੇਸ਼ ਕਰਨ ਲਈ ਨਹੀਂ ਆਏ। ਸ਼ਿਕਾਇਤ ਦੌਰਾਨ ਕਸ਼ਮੀਰ ਸਿੰਘ ਦੇ ਦੋਸ਼ ਸਹੀ ਪਾਏ ਜਾਣ ’ਤੇ ਪੁਲਸ ਵੱਲੋਂ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਮਗਰੋਂ ਕਥਿਤ ਦੋਸ਼ੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ISI ਨਾਲ ਸਬੰਧਤ ਗਿਰੋਹ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News