ਲੁੱਟ ਦੇ ਸਾਮਾਨ ਸਮੇਤ 2 ਗ੍ਰਿਫਤਾਰ
Monday, Jan 21, 2019 - 06:15 AM (IST)

ਅੱਪਰਾ, (ਦੀਪਾ, ਅਜਮੇਰ)- ਅੱਪਰਾ ਪੁਲਸ ਨੇ ਇਕ ਲਡ਼ਕੀ ਕੋਲੋਂ ਦਾਤਰ ਦੀ ਨੋਕ ’ਤੇ ਪਰਸ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਸਬ-ਇੰਸਪੈਕਟਰ ਸੁਖਦੇਵ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਸਵਾ 5 ਵਜੇ ਅੱਪਰਾ ਦੇ ਮੇਨ ਬਾਜ਼ਾਰ ’ਚ ਪ੍ਰਾਈਵੇਟ ਨੌਕਰੀ ਕਰਦੀ ਇਕ ਲਡ਼ਕੀ ਸ਼ਵੇਤਾ ਪੁੱਤਰੀ ਜਸਵੀਰ ਕੁਮਾਰ ਵਾਸੀ ਪਿੰਡ ਲੋਹਗਡ਼੍ਹ ਪੈਦਲ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਕਿ ਲੋਹਗਡ਼੍ਹ ਰੋਡ ’ਤੇ 2 ਮੁਲਜ਼ਮਾਂ ਨੇ ਦਾਤਰ ਤੇ ਕਿਰਚ ਦੀ ਨੋਕ ’ਤੇ ਉਸ ਦਾ ਪਰਸ, ਜਿਸ ’ਚ ਉਸ ਦਾ ਮੋਬਾਇਲ ਤੇ ਨਕਦੀ ਸੀ, ਲੁੱਟ ਲਿਆ। ਇਸ ’ਤੇ ਤੁਰੰਤ ਕਾਰਵਾਈ ਕਰਦਿਅਾਂ ਸਬ-ਇੰਸਪੈਕਟਰ ਸੁਖਦੇਵ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਸਮੇਤ ਪੁਲਸ ਪਾਰਟੀ ਦੋਵਾਂ ਮੁਲਜ਼ਮਾਂ ਨੂੰ ਲੋਹਗਡ਼੍ਹ ਤੋਂ ਸਮਰਾਡ਼ੀ ਨਹਿਰ ਪਟਡ਼ੀ ਤੋਂ ਕਾਬੂ ਕਰ ਲਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲੋਹਗਡ਼੍ਹ ਤੋਂ ਸਮਰਾਡ਼ੀ ਨਹਿਰ ਦੀ ਪਟਡ਼ੀ ਨਜ਼ਦੀਕ ਇਕ ਕਮਾਦ ਦੇ ਖੇਤ ’ਚ ਲਡ਼ਕੀ ਤੋਂ ਲੁੱਟਿਆ ਪਰਸ, ਇਕ ਮੋਬਾਇਲ, 1500 ਰੁਪਏ ਦੀ ਨਕਦੀ, ਇਕ ਘਡ਼ੀ, ਨਕਲੀ ਗਹਿਣੇ, ਦੋਵਾਂ ਕਥਿਤ ਮੁਲਜ਼ਮਾਂ ਕੋਲੋਂ 200 ਨਸ਼ੇ ਵਾਲੀਆਂ ਗੋਲੀਆਂ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਇਕ ਦਾਤਰ ਤੇ ਕਿਰਚ ਵੀ ਬਰਾਮਦ ਕਰ ਲਏ। ਮੁਲਜ਼ਮਾਂ ਦੀ ਸ਼ਨਾਖਤ ਪ੍ਰੇਮ ਕੁਮਾਰ ਪੁੱਤਰ ਨਵਲ ਕਿਸ਼ੋਰ ਵਾਸੀ ਮੁਹੱਲਾ ਢਾਬ ਵਾਲਾ ਅੱਪਰਾ ਤੇ ਪ੍ਰਦੀਪ ਕੁਮਾਰ ਉਰਫ ਬੁੱਧੂ ਉਰਫ ਸੱਪ ਪੁੱਤਰ ਕੱਲੂ ਰਾਮ ਵਾਸੀ ਇੰਦਰਾ ਕਾਲੋਨੀ ਅੱਪਰਾ ਵਜੋਂ ਹੋਈ। ਮੁਲਜ਼ਮਾਂ ਖਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕਰ ਕੇ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।