ਰਾਜਸਥਾਨ ਤੋਂ ਲਿਆਂਦੀਆਂ 50 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 1 ਕੁਇੰਟਲ 40 ਕਿਲੋ ਚੂਰਾ-ਪੋਸਤ ਸਣੇ 2 ਗ੍ਰਿਫ਼ਤਾਰ

05/20/2022 6:27:32 PM

ਫਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਪੁਲਸ ਨੂੰ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ’ਚ ਵੱਡੀ ਸਫ਼ਲਤਾ ਮਿਲੀ ਹੈ। ਨਾਰਕੋਟਿਕਸ ਕੰਟਰੋਲ ਸੈੱਲ ਦੀ ਪੁਲਸ ਨੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕਰਦਿਆਂ ਦੋ ਕਥਿਤ ਸਮੱਗਲਰਾਂ ਨੂੰ 50 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 1 ਕੁਇੰਟਲ 40 ਕਿਲੋ ਡੋਡਾ ਚੂਰਾ ਪੋਸਤ ਸਮੇਤ ਤੇ 2 ਸਮਾਰਟਫੋਨ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦਾ ਤੀਜਾ ਸਾਥੀ ਤੇ ਨਸ਼ਾ ਮੰਗਵਾਉਣ ਵਾਲਾ ਨਿਰਵੈਰ ਸਿੰਘ ਪੁੱਤਰ ਹਰਬੰਸ ਸਿੰਘ ਅਜੇ ਫਰਾਰ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫ਼ਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਗਸ਼ਤ ਅਤੇ ਚੈਕਿੰਗ ਦੌਰਾਨ ਇਤਲਾਹ ਮਿਲੀ ਸੀ ਕਿ ਨਿਰਵੈਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਬਸਤੀ ਸ਼ਾਮ ਵਾਲੀ ਥਾਣਾ ਮੱਖੂ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ਦਾ ਇਕ ਘੋੜਾ ਟਰਾਲਾ ਹੈ।

ਇਹ ਵੀ ਪੜ੍ਹੋ : ਸ਼ਰਾਬ ਨੂੰ MRP ’ਤੇ ਵੇਚਣ ਦੇ ਰੌਂਅ ’ਚ ਪੰਜਾਬ ਸਰਕਾਰ, ਨਵੀਂ ਆਬਕਾਰੀ ਨੀਤੀ ’ਚ ਹੋ ਸਕਦੈ ਐਲਾਨ (ਵੀਡੀਓ)

ਇਸ ’ਤੇ ਕੁਲਵੰਤ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਨਿਜ਼ਾਮੀ ਦਾ ਡਰਾਈਵਰ ਅਤੇ ਗੁਰੂ ਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਸਤੀ ਨਿਜ਼ਾਮੀ ਦਾ ਕਲੀਨਰ ਲੱਗਾ ਹੋਇਆ ਹੈ ਅਤੇ ਉਹ ਨਸ਼ਾ ਲੈ ਕੇ ਫਿਰੋਜ਼ਪੁਰ ਵੱਲ ਆ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਨਾਮਜ਼ਦ ਵਿਅਕਤੀਆਂ ਨੂੰ ਟਰੱਕ ਟਰਾਲੇ ’ਤੇ ਆਉਂਦਿਆਂ ਨੂੰ ਕਾਬੂ ਕਰ ਲਿਆ ਅਤੇ ਡੀ. ਐੱਸ. ਪੀ. ਦੀ ਮੌਜੂਦਗੀ ’ਚ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ’ਚ ਇਕ ਗੱਤੇ ਦੇ ਡੱਬੇ ’ਚੋਂ 5000 ਨਸ਼ੀਲੀਆਂ ਗੋਲੀਆਂ ਦੇ ਪੱਤੇ (ਜਿਨ੍ਹਾਂ ’ਚੋਂ 50000 ਨਸ਼ੀਲੀਆਂ ਗੋਲੀਆਂ) ਅਤੇ 7 ਗੱਟੇ ਪਲਾਸਟਿਕ ਦੇ ਮਿਲੇ (ਜਿਨ੍ਹਾਂ ’ਚ 20-20 ਕਿਲੋ) ਕੁਲ 1 ਕੁਇੰਟਲ 40 ਕਿਲੋ ਡੋਡਾ ਚੂਰਾ ਪੋਸਤ ਮਿਲਿਆ। ਫਡ਼ੇ ਗਏ ਡਰਾਈਵਰ ਤੇ ਕਲੀਨਰ ਨੇ ਪੁੱਛਗਿੱਛ ਕਰਨ ’ਤੇ ਪੁਲਸ ਕੋਲ ਮੰਨਿਆ ਕਿ ਨਿਰਵੈਰ ਸਿੰਘ ਦੇ ਕਹਿਣ ’ਤੇ ਉਹ ਰਾਜਸਥਾਨ ਦੇ ਇਕ ਢਾਬੇ ਤੋਂ ਇਹ ਚੂਰਾ ਪੋਸਤ ਡੋਡੇ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਮਾਲਕ ਨਾਲ ਮਿਲ ਕੇ ਇਹ ਨਸ਼ਾ ਮਹਿੰਗੇ ਮੁੱਲ ’ਤੇ ਵੇਚਣਾ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਫਡ਼ੇ ਗਏ ਕਥਿਤ ਸਮੱਗਲਰਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ


Manoj

Content Editor

Related News