ਕੋਰੋਨਾ ਟੈਸਟ ਨੈਗਟਿਵ ਆਉਣ ''ਤੇ ਜੈਤੋਂ ਦੇ ਏਕਾਂਤਵਾਸ ਕੇਂਦਰਾਂ ਤੋਂ 157 ਹੋਰ ਵਿਅਕਤੀ ਪਰਤੇ ਘਰ
Wednesday, May 13, 2020 - 10:03 PM (IST)

ਜੈਤੋ,(ਵੀਰਪਾਲ/ਗੁਰਮੀਤਪਾਲ)- ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ/ਲਾਕਡਾਊਨ ਕਾਰਨ ਰਾਜਸਥਾਨ ਅਤੇ ਹੋਰ ਸੂਬਿਆਂ ਦੇ ਵੱਖ-ਵੱਖ ਥਾਵਾਂ 'ਤੇ ਫਸੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪ੍ਰਸਾਸਨ ਵੱਲੋਂ ਫਰੀਦਕੋਟ ਵਾਪਸ ਲਿਆਂਦਾ ਗਿਆ। ਇਨ੍ਹਾਂ ਨੂੰ ਵੱਖ-ਵੱਖ ਇਕਾਂਤਵਾਸ ਕੇਂਦਰ ਜੈਤੋ ਵਿੱਚ ਰੱਖਿਆ ਗਿਆ ਸੀ। ਇਹ ਲੋਕ ਜ਼ਿਆਦਾਤਰ ਰਾਜਸਥਾਨ 'ਚ ਮਜ਼ਦੂਰੀ ਕਰਨ ਗਏ ਸਨ ਤੇ ਕਰਫਿਊ ਦੌਰਾਨ ਉੱਥੇ ਫਸ ਗਏ ਸਨ। ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬੱਸਾਂ ਭੇਜ ਕੇ ਵਾਪਸ ਲਿਆਉਣ ਉਪਰੰਤ ਮੈਡੀਕਲ ਜਾਂਚ ਕੀਤੀ ਗਈ ਅਤੇ ਕਰੋਨਾ ਜਾਂਚ ਲਈ ਇਨ੍ਹਾਂ ਦੇ ਸੈਂਪਲ ਲੈ ਕੇ ਇਨ੍ਹਾਂ ਨੂੰ ਜਿਲ੍ਹੇ ਦੇ ਵੱਖ-ਵੱਖ ਕੇਂਦਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਸੀ।
ਐਸ.ਡੀ. ਐਮ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਜੈਤੋ ਦੇ ਡੀ.ਏ.ਵੀ. ਪਬਲਿਕ ਸਕੂਲ ਜੈਤੋ, ਸਰਸਵਤੀ ਜੀਨੀਅਸ ਸਕੂਲ ਜੈਤੋ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਜੈਤੋ ਵਿਖੇ ਇਨ੍ਹਾਂ ਲੋਕਾਂ ਦੀ ਰਿਹਾਇਸ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀ ਸਿਹਤ ਜਾਂਚ ਮਗਰੋਂ ਇਨਾਂ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਉਪਰੰਤ ਕੋਰੋਨਾ ਟੈਸਟ ਨੈਗਟਿਵ ਆਉਣ ਉਪਰੰਤ ਜੈਤੋ ਦੇ ਇਕਾਂਤਵਾਸ ਕੇਂਦਰਾਂ ਤੋਂ ਹੋਰ 157 ਲੋਕ ਘਰ ਪਰਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ 14 ਦਿਨ ਹੋਰ ਘਰਾਂ ਵਿੱਚ ਇਕਾਂਤਵਾਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਨਾਇਬਤਹਿਸੀਲ ਹੀਰਾ ਵੰਤੀ, ਰੀਡਰ ਬਾਜ ਸਿੰਘ ਤੋਂ ਇਲਾਵਾ ਪ੍ਰਸ਼ਾਸਨ ਅਧਿਕਾਰੀ ਸਾਮਿਲ ਸਨ।