ਬੈਂਕ ਨੂੰ 15 ਲੱਖ 40 ਹਜ਼ਾਰ ਦਾ ਚੂਨਾ ਲਾਉਣ ਵਾਲਾ ਕਾਬੂ

12/13/2018 1:10:59 AM

ਭਵਾਨੀਗਡ਼੍ਹ, (ਕਾਂਸਲ/ਸੰਜੀਵ)- ਖੇਡ਼ੀ ਗਿੱਲਾ ਦੇ ਇਕ ਜੋੜੇ ਵੱਲੋਂ ਪਟਵਾਰੀ, ਨੰਬਰਦਾਰ ਅਤੇ ਬੈਂਕ ਦੇ ਸੇਲਜ਼ਮੈਨ ਨਾਲ ਮਿਲ ਕੇ ਕਥਿਤ ਤੌਰ ’ਤੇ ਜ਼ਮੀਨ ’ਤੇ ਲਿਮਟ/ਲੋਨ ਲੈਣ ਲਈ ਝੂਠੇ ਦਸਤਾਵੇਜ਼ ਤਿਆਰ ਕਰ ਕੇ ਆਈ. ਸੀ. ਆਈ. ਬੈਂਕ ਦੀ ਸਥਾਨਕ ਬ੍ਰਾਂਚ ਨੂੰ 15 ਲੱਖ 40 ਹਜ਼ਾਰ ਦਾ ਚੂਨਾ ਲਾਉਣ ਵਾਲੇ ਵਿਕਅਤੀਆਂ ’ਚੋਂ ਪੁਲਸ ਨੇ ਮੁਕੱਦਮਾ ਦਰਜ ਹੋਣ ਦੇ ਕਰੀਬ 7 ਮਹੀਨਿਆਂ ਬਾਅਦ ਕਥਿਤ ਮੁੱਖ ਵਿਅਕਤੀ ਜਸਵੀਰ ਸਿੰਘ ਨੂੰ ਕਾਬੂ ਕਰ ਕੇ ਜੇਲ ਭੇਜਣ ਦਾ ਸਮਾਚਾਰ ਪ੍ਰਾਪਤ ਹੋਇਆ। 
 ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਵਲੈਤੀ ਰਾਮ ਨੇ ਦੱਸਿਆ ਕਿ ਆਈ. ਸੀ. ਆਈ. ਬੈਂਕ ਦੀ ਸਥਾਨਕ ਬ੍ਰਾਂਚ ਦੇ ਪੈਨਲ ਵਕੀਲ ਤੇ ਸਲਾਹਕਾਰ ਸੰਜੀਵ ਗੋਇਲ ਵੱਲੋਂ ਕੀਤੀ ਗਈ ਸ਼ਿਕਾਇਤ ਅਨੁਸਾਰ ਕਿ ਪਿੰਡ ਖੇਡ਼ੀ ਗਿੱਲਾਂ ਦੇ ਵਾਸੀ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਬੈਂਕ ਤੋਂ ਜ਼ਮੀਨ ਉੱਪਰ ਲਿਮਟ/ਲੋਨ ਕਰਵਾਉਣ ਸਮੇਂ ਬੈਂਕ ਨੂੰ 42 ਵਿਘੇ 4 ਬੀਸਵੇ ਦੀ ਮਾਲਕੀ ਦੇ ਕਾਗਜ਼ ਪੇਸ਼ ਕੀਤੇ ਸਨ, ਜਿਸ ’ਚੋਂ 6 ਏਕਡ਼ ਜ਼ਮੀਨ ਬੈਂਕ ਪਾਸ ਗਹਿਣੇ ਰੱਖੀ ਗਈ ਸੀ। ਬੈਂਕ ਵੱਲੋਂ ਲੋਨ ਦੇਣ ਸਮੇਂ ਪਡ਼ਤਾਲ ਲਈ ਪਟਵਾਰੀ ਕੋਲ ਰਿਪੋਰਟ ਭੇਜੀ ਗਈ ਸੀ, ਜਿਸ ਨੂੰ ਪਟਵਾਰੀ ਕਰਮਜੀਤ ਸਿੰਘ ਹਲਕਾ ਬਾਲਦ ਕਲਾਂ ਨੇ ਗਿਰਦਾਵਰੀ ਦੇ ਇੰਦਰਾਜਾਂ ਨੂੰ ਸਹੀ ਤੇ ਦਰੁਸਤ ਦੱਸਿਆ। 
ਇਸ ਤੋਂ ਬਾਅਦ ਬੈਂਕ ਨੇ 30 ਮਾਰਚ 2016 ਨੂੰ ਨਾਇਬ ਤਹਿਸੀਲਦਾਰ ਨੂੰ ਰਿਪੋਰਟ ਲਈ ਭੇਜਿਆ ਇਸ ਤੋਂ ਬਾਅਦ ਭਾਰ ਮੁਕਤ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ। ਇਨ੍ਹਾਂ ਸਾਰੀਆਂ ਰਿਪੋਰਟਾਂ ਅਤੇ ਦਸਤਾਵੇਜ਼ਾਂ ਦੇ ਅਾਧਾਰ ’ਤੇ ਬੈਂਕ ਨੇ ਉਕਤ ਦੀ 21 ਲੱਖ 96 ਹਜ਼ਾਰ ਰੁਪਿਆਂ ਦੀ ਖੇਤੀਬਾਡ਼ੀ ਲਿਮਟ ਮਨਜ਼ੂਰ ਕਰ ਦਿੱਤੀ। ਦੋਸ਼ੀਆਂ ਨੇ ਬੈਂਕ ਦੇ ਹੱਕ ’ਚ 28 ਵਿਘੇ 16 ਬਿਸਵੇ ਜ਼ਮੀਨ ਆਡ਼ ਰਹਿਣ ਵਾਲੀ ਜਮ੍ਹਾਬੰਦੀ ਪੇਸ਼ ਕੀਤੀ। ਇਸ ਤੋਂ ਬਾਅਦ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਇਸ ਲਿਮਟ ’ਚੋਂ ਕਥਿਤ ਤੌਰ ’ਤੇ 15 ਲੱਖ 40 ਹਜ਼ਾਰ ਦੇ ਕਰੀਬ ਦੀ ਰਾਸ਼ੀ ਵਰਤ ਲਈ ਪਰ ਬੈਂਕ ਨੂੰ ਇਕਰਾਰਨਾਮਾ ਵਿਆਜ ਜਮ੍ਹਾ ਨਹੀਂ ਕਰਵਾਇਆ। ਇਸ ਤੋਂ ਬਾਅਦ ਬੈਂਕ ਦੇ ਮੁਲਾਜ਼ਮਾਂ ਦੇ ਵਾਰ-ਵਾਰ ਇਤਲਾਹ ਕਰਨ ਦੇ ਬਾਵਜੂਦ ਜਦੋਂ ਇਨ੍ਹਾਂ ਨੇ ਕੋਈ ਗੌਰ ਨਾ ਕੀਤੀ ਤਾਂ ਬੈਂਕ ਵੱਲੋਂ 14 ਦਸੰਬਰ 2017 ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ। ਇਸ ਸਬੰਧੀ ਜਦੋਂ ਬੈਂਕ ਨੇ ਆਪਣੇ ਵਕੀਲ ਦੀ ਸਹਾਇਤਾ ਨਾਲ ਇਸ ਕੇਸ ਦੀ ਪਡ਼ਤਾਲ ਕੀਤੀ  ਤਾਂ ਸਾਹਮਣੇ ਆਇਆ ਕਿ ਕਥਿਤ ਦੋਸ਼ੀਆਂ ਨੇ ਆਈ.ਸੀ.ਆਈ ਬੈਂਕ ਨੂੰ ਪਟਵਾਰੀ ਕਰਮਜੀਤ ਸਿੰਘ, ਨੰਬਰਦਾਰ ਬਲਵੀਰ ਸਿੰਘ ਅਤੇ ਗਰੰਟਰ ਸੋਹਨ ਸਿੰਘ ਦੀ ਸਹਾਇਤਾ ਨਾਲ ਝੂਠੇ ਅਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰ ਕੇ ਆਪਣੇ ਆਪ ਨੂੰ ਗਲਤ ਤੌਰ ’ਤੇ ਉਕਤ ਜ਼ਮੀਨ ਦਾ ਮਾਲਕ ਦਿਖਾ ਕੇ ਲਿਮਟ/ਲੋਨ ਆਪਣੇ ਹੱਕ ’ਚ ਪਾਸ ਕਰਵਾ ਲਈ ਹੈ। ਜਦੋਂ ਕਿ ਅਸਲ ਰਿਕਾਰਡ ਮੁਤਾਬਕ ਜਮ੍ਹਾਬੰਦੀ 2012-13 ਮਿਤੀ 02 ਜਨਵਰੀ 18 ’ਚ ਜ਼ਮੀਨ ਦੇ  ਮਾਲਕ ਹਾਕਮ ਸਿੰਘ ਪੁੱਤਰ ਹਰਚਰਨ ਸਿੰਘ ਹਨ ਕਥਿਤ ਦੋਸ਼ੀ ਪਾਸ ਆਪਣੀ ਸਿਰਫ 2 ਵਿਘੇ ਹੀ ਜ਼ਮੀਨ ਪਿੰਡ ਖੇਡ਼੍ਹੀ ਗਿੱਲਾ ਵਿਖੇ ਹੀ ਹੈ। ਇੱਥੇ ਵਰਨਣਯੋਗ ਗੱਲ ਇਹ ਹੈ ਕਿ  ਉਕਤ ਪਤੀ-ਪਤਨੀ  ਖ਼ਿਲਾਫ਼ ਇਕ ਸਮਾਜ ਸੇਵੀ ਵਿਅਕਤੀ ਨੇ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਨੂੰ ਵੀ ਧੋਖਾ-ਧਡ਼ੀ ਨਾਲ ਲਏ ਗਏ ਲੋਨ ਸਬੰਧੀ ਪਹਿਲਾ ਤਫ਼ਤੀਸ਼ ਲਈ ਸ਼ਿਕਾਇਤ ਕੀਤੀ ਗਈ ਸੀ।     ਇਸ ਲਈ ਸਥਾਨਕ ਪੁਲਸ ਨੇ ਡੀ.ਏ ਲੀਗਲ ਸੰਗਰੂਰ ਦੀਆਂ ਹਦਾਇਤਾਂ ’ਤੇ ਬੈਂਕ ਕੋਲੋਂ 21 ਲੱਖ 96 ਹਜ਼ਾਰ ਰੁਪਏ ਦੀ ਲਿਮਟ/ਲੋਨ ਕਰਵਾ ਕੇ ਬੈਂਕ ਨਾਲ 15 ਲੱਖ 40 ਹਜ਼ਾਰ ਰੁਪਿਆਂ ਦੀ ਠੱਗੀ ਮਾਰਨ ਦੇ ਦੋਸ਼ ਹੇਠ 8 ਮਈ 2018 ਨੂੰ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖੇਡ਼ੀ ਗਿੱਲਾ, ਸੰਦੀਪ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਖੇਡ਼ੀ ਗਿੱਲਾ, ਬਲਵੀਰ ਸਿੰਘ ਨੰਬਰਦਾਰ ਪੁੱਤਰ ਹਰਪਾਲ ਸਿੰਘ ਵਾਸੀ ਖੇਡ਼ੀ ਗਿੱਲਾ, ਗਵਾਹ ਜਸਵੀਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਲੱਖੇਵਾਲ, ਗਰੰਟਰ ਸੋਹਨ ਸਿੰਘ ਪੁੱਤਰ ਚੰਦ ਸਿੰਘ ਵਾਸੀ ਪਿੰਡ ਲੱਖੇਵਾਲ, ਪਟਵਾਰੀ ਕਰਮਜੀਤ ਸਿੰਘ ਹਲਕਾ ਬਾਲਦ ਕਲਾਂ ਵਾਸੀ ਨਾਭਾ, ਬੈਂਕ ਦੇ ਸਾਬਕਾ ਸੇਲਜ਼ਮੈਨ ਗੁਰਿੰਦਰ ਸਿੰਘ ਵਾਸੀ ਪਿੰਡ ਬੀਨਾਹੇਡ਼ੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 406,420,467,471 ਤਹਿਤ ਮੁੱਕਦਮਾ ਨੰਬਰ 81 ਦਰਜ ਕੀਤਾ ਗਿਆ ਸੀ, ਜਿਸ ਤਹਿਤ ਹੁਣ ਪੁਲਸ ਨੇ ਕਥਿਤ ਮੁੱਖ ਵਿਅਕਤੀ ਜਸਵੀਰ ਸਿੰਘ ਨੂੰ ਕਾਬੂ ਕਰ ਕੇ ਕਾਰਵਾਈ ਕਰਦਿਆਂ ਜੇਲ ਭੇਜ ਦਿੱਤਾ ਹੈ। ਸਹਾਇਕ ਸਬ ਇੰਸਪੈਕਟਰ ਵਲੈਤੀ ਰਾਮ ਨੇ ਦੱਸਿਆ ਕ ਬਾਕੀ ਵਿਅਕਤੀਆਂ ਵੱਲੋਂ ਇਸ ਸਬੰਧੀ ਜਾਂਚ ਲਈ ਆਈ.ਜੀ ਜ਼ੋਨ ਫਸਟ ਪਟਿਆਲਾ ਕੋਲ ਅਰਜ਼ੀ ਦਿੱਤੀ ਹੋਈ ਹੈ, ਜਿਸ ਦੀ ਜਾਂਚ ਦਾ ਜ਼ਿੰਮਾ ਡੀ.ਐੱਸ.ਪੀ.ਡੀ ਪਟਿਆਲਾ ਕੋਲ ਹੈ ਅਤੇ ਡੀ.ਐੱਸ.ਪੀ.ਡੀ ਪਟਿਆਲਾ ਦੀ ਜਾਂਚ ਰਿਪੋਰਟ ਆਉਣ ’ਤੇ ਉਸ ਅਨੁਸਾਰ ਬਾਕੀ ਵਿਅਕਤੀਆਂ ਵਿਰੁੱਧ ਵੀ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।


Related News