12 ਰੈਸਟੋਰੈਂਟਾਂ ਤੇ 8 ਬਾਰਾਂ ’ਤੇ ਇਕ-ਇਕ ਲੱਖ ਪੈਨਲਟੀ

09/19/2018 7:34:38 AM

ਚੰਡੀਗਡ਼੍ਹ, (ਸਾਜਨ)- ਚੰਡੀਗਡ਼੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ ਵੱਖ-ਵੱਖ ਰੈਸਟੋਰੈਂਟਸ, ਬਾਰ ਤੇ ਸ਼ਰਾਬ ਦੇ ਠੇਕਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਡਿਪਾਰਟਮੈਂਟ ਨੇ ਮੰਗਲਵਾਰ ਨੂੰ ਬੇਨਿਯਮੀਆਂ ਕਾਰਨ 12 ਰੈਸਟੋਰੈਂਟਾਂ ਤੇ ਅੱਠ ਸ਼ਰਾਬ ਦੇ ਠੇਕਿਆਂ ਨੂੰ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਉਥੇ ਹੀ 9 ਰੈਸਟੋਰੈਂਟਾਂ ਸਬੰਧੀ ਵਿਭਾਗ ਵਿਚ ਫਿਲਹਾਲ ਪ੍ਰੋਸੀਡਿੰਗ ਚੱਲ ਰਹੀ ਹੈ, ਛੇਤੀ ਹੀ ਇਸਦੀ ਸੁਣਵਾਈ ਪੂਰੀ ਹੋਣ ਮਗਰੋਂ ਪੈਨਲਟੀ ਲਾਈ ਜਾਵੇਗੀ, ਜਿਨ੍ਹਾਂ ਦੀ ਪ੍ਰੋਸੀਡਿੰਗ ਅਜੇ ਚੱਲ ਰਹੀ ਹੈ, ਉਨ੍ਹਾਂ ਤੋਂ ਵੀ 9 ਲੱਖ ਰੁਪਏ ਪੈਨਲਟੀ ਵਸੂਲੇ ਜਾਣ ਦੀ ਉਮੀਦ ਹੈ। 
 ਇਕ ਦੇ ਨਾਲ ਇਕ ਪੈੱਗ ਮੁਫ਼ਤ ਦੇ ਰਹੇ ਸਨ :  ਦੱਸਣਯੋਗ ਹੈ ਕਿ  ਦੋ ਹਫ਼ਤੇ ਪਹਿਲਾਂ 20 ਤੋਂ ਜ਼ਿਆਦਾ ਰੈਸਟੋਰੈਂਟਾਂ ਤੇ ਸ਼ਰਾਬ ਦੇ ਠੇਕਿਆਂ 8 ’ਤੇ ਡਿਪਾਰਟਮੈਂਟ ਨੇ ਛਾਪੇ ਮਾਰੇ ਸਨ ਤੇ ਇਥੇ ਕਈ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸ ’ਚ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਬਾਰ ਤੇ ਰੈਸਟੋਰੈਂਟ ਐਕਸਾਈਜ਼ ਨਿਯਮਾਂ ਦੀ ਉਲੰਘਣਾ ਕਰਕੇ ਸ਼ਰਾਬ ਪਰੋਸ ਰਹੇ ਸਨ। ਸ਼ਰਾਬ  ਦੇ ਇਕ ਪੈੱਗ ਨਾਲ ਇਕ ਮੁਫ਼ਤ ਦਾ ਆਫਰ ਚਲਾਇਆ ਜਾ ਰਿਹਾ ਸੀ। ਕਈ ਰੈਸਟੋਰੈਂਟਾਂ ਤੇ ਬਾਰਾਂ ਵਿਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ।  
 ਅਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਪੋਪਲੀ ਨੇ ਦੱਸਿਆ ਕਿ ਜਾਂਚ ਦੌਰਾਨ ਰੈਸਟੋਰੈਂਟ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਜ਼ਿਆਦਾਤਰ ਰੈਸਟੋਰੈਂਟ ਤੇ ਬਾਰ ਸੈਕਟਰ-8 ਤੇ 26 ’ਚ ਸਨ। ਸਾਰਿਆਂ ਦਾ ਸੇਲ ਨਾਲ ਸਬੰਧਤ ਰਿਕਾਰਡ ਚੈੱਕ ਕੀਤਾ ਗਿਅਾ। ਸਾਰਿਆਂ ਨੂੰ ਦੋ ਵਾਰ ਆਪਣਾ ਪੱਖ ਰੱਖਣ ਲਈ ਵਿਭਾਗ ਵਲੋਂ ਬੁਲਾਇਆ ਗਿਆ ਸੀ। ਇਸ ’ਚ 12 ਰੈਸਟੋਰੈਂਟਾਂ ’ਤੇ ਐਕਸਾਈਜ਼ ਨਿਯਮਾਂ ਨੂੰ ਤੋਡ਼ਨ ’ਤੇ  ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਥੇ ਹੀ  ਸ਼ਰਾਬ ਦੇ 8 ਠੇਕਿਆਂ ’ਤੇ ਛਾਪੇ ਦੌਰਾਨ ਸ਼ਰਾਬ ਦੀਆਂ ਬੋਤਲਾਂ ’ਤੇ ਹੋਲੋਗਰਾਮ ਨਾ ਮਿਲਣ ’ਤੇ ਇਕ-ਇਕ ਲੱਖ ਰੁਪਏ ਜੁਰਮਾਨਾ ਲਾਇਆ ਹੈ।
 


Related News