ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ''ਚ 10 ਸਾਲ ਦੀ ਕੈਦ

08/20/2019 1:45:02 AM

ਲੁਧਿਆਣਾ (ਮਹਿਰਾ)— ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਸਥਾਨਕ ਵਧੀਕ ਸੈਸ਼ਨ ਜੱਜ ਕੇ. ਐੱਸ. ਭੁੱਲਰ ਦੀ ਅਦਾਲਤ ਨੇ ਨਾਈਜੀਰੀਆ ਨਿਵਾਸੀ ਦੋਸ਼ੀ ਸੈਂਡੀ ਉਰਫ ਸੰਨੀ ਨੂੰ 10 ਸਾਲ ਦੀ ਕੈਦ ਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਦਾਖਾ ਵਲੋਂ 17 ਮਈ 2017 ਨੂੰ ਦੋਸ਼ੀ ਵਿਰੁੱਧ ਨਸ਼ੇ ਵਾਲੇ ਪਦਾਰਥ ਪਾਏ ਜਾਣ 'ਤੇ ਪਰਚਾ ਦਰਜ ਕੀਤਾ ਗਿਆ ਸੀ। ਪੁਲਸ ਦੇ ਮੁਤਾਬਕ ਉਕਤ ਦੋਸ਼ੀ ਜੋ ਪਹਿਲਾਂ ਹੀ ਇਕ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਤੋਂ ਜਦੋਂ ਪੁੱਛਗਿੱਛ ਚੱਲ ਰਹੀ ਸੀ ਤਾਂ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਇਕ ਹੋਰ ਸਾਥੀ ਜੋ ਨਾਈਜੀਰੀਆ ਦਾ ਹੀ ਨਿਵਾਸੀ ਹੈ, ਦੇ ਨਾਲ ਮਿਲ ਕੇ ਇੰਡੀਆ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਦਾ ਹੈ। 
ਪੁਲਸ ਮੁਤਾਬਕ ਉਸ ਨੇ ਪੁਲਸ ਨੂੰ ਜਾਂਚ ਦੌਰਾਨ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਹੈਰੋਇਨ ਲੈ ਕੇ ਆਇਆ ਸੀ, ਜਿਸ ਨੂੰ ਉਹ ਚੌਕੀਮਾਨ ਇਲਾਕੇ 'ਚ ਵੇਚਣਾ ਸੀ। ਦੋਸ਼ੀ ਦੇ ਮੁਤਾਬਕ ਉਸ ਵਲੋਂ ਹੈਰੋਇਨ ਵੇਚਣ ਤੋਂ ਬਾਅਦ ਕੁਝ ਗਾਹਕਾਂ ਦੇ ਨਾ ਆਉਣ ਕਾਰਣ ਕਰੀਬ 1 ਕਿਲੋ ਹੈਰੋਇਨ ਬਚ ਗਈ ਸੀ, ਜਿਸ ਨੂੰ ਉਸ ਨੇ ਇਲਾਕੇ ਵਿਚ ਹੀ ਇਕ ਕੰਧ ਦੇ ਕੋਲ ਮਿੱਟੀ 'ਚ ਦੱਬਿਆ ਹੋਇਆ ਹੈ ਅਤੇ ਜਿਸ ਨੂੰ ਉਹ ਕੱਢ ਕੇ ਪੁਲਸ ਨੂੰ ਦੇ ਸਕਦਾ ਹੈ। ਪੁਲਸ ਦੇ ਮੁਤਾਬਕ ਉਪਰੋਕਤ ਖੁਲਾਸਾ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੋਸ਼ੀ ਵਲੋਂ ਦੱਸੀ ਗਈ ਜਗ੍ਹਾ 'ਤੇ ਮਿੱਟੀ ਨੂੰ ਖੋਦਿਆ ਤਾਂ ਉੱਥੋਂ ਉਸ ਨੂੰ ਪਾਰਸਲ ਵਿਚ ਲਪੇਟੀ ਹੋਈ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਰੁੱਧ ਨਸ਼ੇ ਵਾਲਾ ਪਦਾਰਥ ਪਾਏ ਜਾਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ, ਨਾਲ ਹੀ ਅਦਾਲਤ ਵਿਚ ਦੋਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਸ ਨੂੰ ਇਸ ਕੇਸ ਵਿਚ ਪੁਲਸ ਵਲੋਂ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ 'ਚ ਦੋਸ਼ੀ ਆਪਣੀ ਬੇਗੁਨਾਹੀ ਸਬੰਧੀ ਕੋਈ ਵੀ ਸਬੂਤ ਪੇਸ਼ ਕਰਨ 'ਚ ਅਸਫਲ ਰਿਹਾ, ਜਿਸ ਕਾਰਣ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਅਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।


KamalJeet Singh

Content Editor

Related News