ਆਵਾਜਾਈ ’ਚ ਵਿਘਨ ਪਾਉਣ ’ਤੇ 1 ਟਰੱਕ ਅਤੇ 5 ਟਰੈਕਟਰ-ਟਰਾਲੀ ਚਾਲਕ ਗ੍ਰਿਫਤਾਰ
Tuesday, Oct 16, 2018 - 01:02 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਆਵਾਜਾਈ ’ਚ ਵਿਘਨ ਪਾਉਣ ’ਤੇ ਲਹਿਰਾ ਪੁਲਸ ਨੇ 6 ਵੱਖ-ਵੱਖ ਮਾਮਲਿਆਂ ’ਚ ਇਕ ਟਰੱਕ ਚਾਲਕ ਅਤੇ 5 ਟਰੈਕਟਰ-ਟਰਾਲੀ ਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਹਿਰਾ ਦੇ ਹੌਲਦਾਰ ਸੁੱਖਾ ਸਿੰਘ ਨੇ ਬੱਸ ਸਟੈਂਡ ਖੋਖਰ ਕਲਾਂ ਤੋਂ ਸ਼ਾਮ ਕਰੀਬ 5 ਵਜੇ ਇਕ ਟਰੱਕ ਚਾਲਕ ਸਤਪਾਲ ਸਿੰਘ ਵਾਸੀ ਭੰਮਾਭੱਦੀ ਥਾਣਾ ਲੌਂਗੋਵਾਲ ਨੂੰ ਟਰੱਕ ਸਣੇ ਗ੍ਰਿਫਤਾਰ ਕੀਤਾ। ਟਰੱਕ ਦੀਅਾਂ ਤਿੰਨਾਂ ਸਾਈਡਾਂ ’ਤੇ ਭਾਰੀ ਮਾਤਰਾ ’ਚ ਭੂੰਗ ਬਾਹਰ ਕੱਢਿਆ ਹੋਇਆ ਸੀ, ਜੋ ਆਵਾਜਾਈ ’ਚ ਵਿਘਨ ਪਾ ਰਿਹਾ ਸੀ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਬੱਸ ਸਟੈਂਡ ਕੋਟਡ਼ਾ ਲਹਿਲ ਤੋਂ ਬਲਵੀਰ ਸਿੰਘ ਵਾਸੀ ਹੰਬਲਵਾਸ ਲਖੇਪਲ ਨੂੰ ਭੂੰਗ ਨਾਲ ਓਵਰਲੋਡ ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਕੀਤਾ। ਥਾਣਾ ਲਹਿਰਾ ਦੇ ਹੀ ਸਹਾਇਕ ਥਾਣੇਦਾਰ ਹਰਜੋਗਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਨਾਮ ਚਰਚਾ ਘਰ ਜਾਖਲ ਰੋਡ ਲਹਿਰਾ ਤੋਂ ਰਾਤ ਕਰੀਬ 7.50 ਵਜੇ ਸੁਨਾਮ ਵੱਲੋਂ ਆਉਂਦੇ ਮੱਖਣ ਸਿੰਘ ਵਾਸੀ ਖਡਿਆਲ ਥਾਣਾ ਛਾਜਲੀ ਨੂੰ ਤੂਡ਼ੀ ਨਾਲ ਓਵਰਲੋਡ ਨੰਬਰੀ ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਪੁਲਸ ਪਾਰਟੀ ਸਣੇ ਰਾਤ ਕਰੀਬ 9 ਵਜੇ ਸੁਨਾਮ ਵੱਲੋਂ ਆਉਂਦੇ ਬਲਵਿੰਦਰ ਸਿੰਘ ਵਾਸੀ ਸੰਗਤੀਵਾਲਾ ਨੂੰ ਤੂਡ਼ੀ ਨਾਲ ਓਵਰਲੋਡ ਨੰਬਰੀ ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੌਲਦਾਰ ਜੱਗਾ ਸਿੰਘ ਨੇ ਰਾਤ ਕਰੀਬ 8.45 ਵਜੇ ਲਹਿਰਾ ਵੱਲੋਂ ਆਉਂਦੇ ਹਰਜਿੰਦਰ ਸਿੰਘ ਵਾਸੀ ਖਡਿਆਲ ਨੂੰ ਤੂਡ਼ੀ ਨਾਲ ਓਵਰਲੋਡ ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਕੀਤਾ।
ਇਕ ਹੋਰ ਮਾਮਲੇ ’ਚ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਹੀ ਗਸ਼ਤ ਦੌਰਾਨ ਪੁਲਸ ਪਾਰਟੀ ਮੇਨ ਰੋਡ ਪੁਲ ਨਹਿਰ ਲਹਿਰਾ ਤੋਂ ਰਾਤ ਕਰੀਬ 10.15 ਵਜੇ ਸੁਨਾਮ ਵੱਲੋਂ ਆਉਂਦੇ ਮਿੱਠੂ ਸਿੰਘ ਵਾਸੀ ਸੰਗਤੀਵਾਲਾ ਨੂੰ ਤੂਡ਼ੀ ਨਾਲ ਓਵਰਲੋਡ ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ ਕੀਤਾ।