ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀ ਗੋਲੀ, 1ਦੀ ਮੌਤ

08/06/2020 7:58:18 PM

ਬਠਿੰਡਾ, (ਵਰਮਾ)- ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਦੇ ਬਾਹਰ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ, ਜਿਸ ’ਚ ਘਾਤਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਤੇ ਸੀ. ਆਈ. ਏ. ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਦੋਸ਼ੀ ਕੁਲਦੀਪ ਸਿੰਘ ਉਰਫ਼ ਦੀਪੀ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਭੇਜ ਦਿੱਤਾ। ਪੁਲਸ ਨੇ ਮੁਲਜ਼ਮਾਂ ਕੋਲੋਂ 12 ਬੋਰ ਦੀਆਂ ਬੰਦੂਕਾਂ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ, ਜਦਕਿ ਦੂਜੇ ਮੁਲਜ਼ਮ ਪ੍ਰਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ 14 ਅਗਸਤ 2019 ਨੂੰ ਥਾਣਾ ਸਬਾਸ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕੁਲਵੰਤ ਸਿੰਘ ਪਿੰਡ ਭਾਗੀਵਾਂਦਰ ਨੇ ਸ਼ਿਕਾਇਤ ’ਚ ਦੱਸਿਆ ਗਿਆ ਕਿ ਉਸ ਦਾ ਮੁੰਡਾ ਦਿਲਰਾਜ ਸਿੰਘ ਚਾਉਕੇ ’ਚ ਇੱਕੋ ਅਕਾਦਮੀ ’ਚ ਫੌਜ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀ।

ਪਿਛਲੇ ਸਾਲ ਰੱਖੜੀ ਕਾਰਨ ਘਰ ਆਇਆ ਸੀ ਅਤੇ ਆਪਣੇ ਗੁਆਂਢੀ ਗੁਰਸੇਵਕ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰੂ ਕਾਸ਼ੀ ਕਾਲਜ ਰਾਮਾਂ ਰੋਡ ਤਲਵੰਡੀ ਵਿਖੇ ਚਲਾ ਗਿਆ ਸੀ। ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ’ਚ ਪਹਿਲਾਂ ਹੀ ਟਕਰਾਅ ਚੱਲ ਰਿਹਾ ਸੀ। ਇਸ ਦੌਰਾਨ 50 ਦੇ ਕਰੀਬ ਲੜਕੇ ਬੰਦੂਕਾਂ, ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਨਾਲ ਲੈਸ ਸਨ ਅਤੇ ਆਪਸ ’ਚ ਬਹਿਸ ਕਰ ਰਹੇ ਸਨ। ਇਸ ਦੌਰਾਨ ਉਸ ਦਾ ਲੜਕਾ ਦਿਲਰਾਜ ਸਿੰਘ ਵੀ ਉੱਥੇ ਹੀ ਰੁਕ ਗਿਆ। ਪ੍ਰਦੀਪ ਸਿੰਘ, ਦੀਪੀ ਸਿੰਘ, ਕਾਲਾ ਮਾਨ, ਜਗਦੀਪ ਸਿੰਘ, ਸੁੱਖਾ ਸਿੰਘ, ਕਰਨੀ ਸਿੰਘ, ਗੋਰਾ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ 20 ਹੋਰ ਲੋਕਾਂ ਨੂੰ ਜਦ ਉਸ ਦੇ ਲੜਕੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਲਟਾ ਉਸਦੀ ਕੁੱਟ-ਮਾਰ ਆਰੰਭ ਕਰ ਦਿੱਤੀ। ਉਹ ਕਿਸੇ ਤਰ੍ਹਾਂ ਉੱਥੋਂ ਨਿਕਲਣ ਲੱਗਾ ਤਾਂ ਪ੍ਰਦੀਪ ਸਿੰਘ ਅਤੇ ਦੀਪੀ ਸਿੰਘ ਨੇ ਉਸ ’ਤੇ ਬੰਦੂਕ ਨਾਲ ਫਾਇਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਇਕ ਸਾਲ ਪਹਿਲਾਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਸਿਰਫ਼ ਤਿੰਨ ਵਿਅਕਤੀ ਹੀ ਗ੍ਰਿਫਤਾਰ ਕੀਤੇ ਜਾ ਸਕੇ ਸਨ।


Bharat Thapa

Content Editor

Related News