ਨੌਜਵਾਨਾਂ ਵੱਲੋਂ ਘਰ ’ਚ ਦਾਖਲ ਹੋ ਕੇ 50 ਹਜ਼ਾਰ ਰੁਪਏ ਨਕਦੀ ਚੋਰੀ
Saturday, Aug 09, 2025 - 06:04 PM (IST)

ਬਟਾਲਾ (ਸਾਹਿਲ)- ਪਿੰਡ ਗਵਾਰ ਵਿਖੇ ਦੋ ਨੌਜਵਾਨਾਂ ਵਲੋਂ ਇਕ ਘਰ ਵਿਚ ਦਾਖਲ ਹੋ ਕੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏ.ਐੱਸ.ਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਜਿੰਦਰ ਕੌਰ ਪਤਨੀ ਜੱਜ ਸਿੰਘ ਵਾਸੀ ਪਿੰਡ ਗਵਾਰ ਨੇ ਲਿਖਵਾਇਆ ਹੈ ਕਿ ਮੇਰਾ ਪਤੀ ਅਤੇ ਹੋਰ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਅਤੇ ਮੈਂ ਘਰ ਵਿਚ ਇਕੱਲੀ ਸੀ ਅਤੇ ਬੀਤੀ 3 ਅਗਸਤ ਨੂੰ ਦੁਪਹਿਰ 1 ਵਜੇ ਮੈਂ ਘਰ ਦੇ ਕਮਰੇ ਵਿਚ ਆਰਾਮ ਕਰ ਗਈ ਸੀ ਕਿ ਦੂਜੇ ਕਮਰੇ ਵਿਚ ਖੜਕਣ ਦੀ ਆਵਾਜ਼ ਸੁਣ ਕੇ ਬਾਹਰ ਆਈ ਤਾਂ ਦੇਖਿਆ ਕਿ ਸਾਡਾ ਗੁਆਂਢੀ ਅਭੀ ਅਤੇ ਆਸ਼ੀਸ਼ ਮੈਨੂੰ ਦੇਖ ਕੇ ਪੌੜੀਆਂ ਰਸਤੇ ਕੋਠੇ ਰਾਹੀਂ ਭੱਜ ਗਏ।
ਉਕਤ ਬਿਆਨਕਰਤਾ ਔਰਤ ਮੁਤਾਬਕ ਇਸਦੇ ਬਾਅਦ ਮੈਂ ਜਦੋਂ ਅਲਮਾਰੀ ਚੈੱਕ ਕੀਤੀ ਤਾਂ ਉਸ ਵਿਚੋਂ 50 ਹਜ਼ਾਰ ਰੁਪਏ ਗਾਇਬ ਸਨ, ਜੋ ਉਕਤ ਨੌਜਵਾਨ ਚੋਰੀ ਕਰਕੇ ਲੈ ਗਏ। ਉਕਤ ਥਾਣੇਦਾਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਉਕਤ ਦੋਵਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।