ਮਾਮੂਲੀ ਤਕਰਾਰ ਦੇ ਚੱਲਦੇ ਨੌਜਵਾਨ ਨੂੰ ਮਾਰੀ ਗੋਲੀ, 5 ਖਿਲਾਫ ਮਾਮਲਾ ਦਰਜ
Saturday, Mar 23, 2019 - 08:18 PM (IST)

ਚੌਕ ਮਹਿਤਾ,(ਕੈਪਟਨ) : ਪਿੰਡ ਘਨਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਜ਼ਖਮੀ ਨੌਜਵਾਨ ਜੁਗਰਾਜ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਪੁੱਤਰ ਜੁਗਰਾਜ ਸਿੰਘ ਖੇਤਾਂ 'ਚ ਕੰਮ ਕਰ ਰਿਹਾ ਸੀ। ਉਥੇ ਉਨ੍ਹਾਂ ਦੇ ਪਿੰਡ ਦੇ ਜੋਰਾ ਪੁੱਤਰ ਅਵਤਾਰ ਸਿੰਘ ਨੇ ਮਾਮੂਲੀ ਤਕਰਾਰ ਹੋਣ 'ਤੇ ਆਪਣੇ ਸਾਥੀਆਂ ਮਨੀ ਤੇ ਬੰਟੀ ਨਾਲ ਮਿਲ ਕੇ ਜੁਗਰਾਜ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਦੇ ਚਲਦਿਆਂ ਅੱਜ ਦੁਪਹਿਰ ਸਮੇ ਜੁਗਰਾਜ ਆਪਣੀ ਚਿੱਟੇ ਰੰਗ ਦੀ ਸਵਿਫਟ ਡਿਜਾਇਰ ਕਾਰ 'ਚ ਘਰੋਂ ਬਾਹਰ ਗਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਖਬਰ ਮਿਲੀ ਕਿ ਜੁਗਰਾਜ ਦੇ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਅਸਕਾਰਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਤਾ ਬਲਵਿੰਦਰ ਕੌਰ ਅਤੇ ਪਿੰਡ ਵਾਸੀਆਂ ਨੇ ਕਥਿੱਤ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਦੌਰਾਨ ਐੱਸ. ਐੱਸ. ਪੀ. ਪਰਮਪਾਲ ਸਿੰਘ, ਐੱਸ. ਪੀ. ਡੀ. ਹਰਪਾਲ ਸਿੰਘ, ਡੀ. ਐੱਸ. ਪੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ 'ਤੇ ਪੁੱਜ ਕੇ ਮੌਕੇ ਦਾ ਜਾਇਜਾ ਲਿਆ। ਥਾਣਾ ਮਹਿਤਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਬਾਰੀਕੀ ਨਾਲ ਕੀਤੀ ਜਾਂਚ ਤੋਂ ਬਾਅਦ ਮਨਪ੍ਰੀਤ ਸਿੰਘ, ਗੁਰਮੀਤ ਕੌਰ, ਗੁਰਵਿੰਦਰ ਕੌਰ, ਜੋਰਾ, ਬੰਟੀ ਖਿਲਾਫ ਧਾਰਾ 307,148,149,ਆਈ. ਪੀ. ਸੀ., 25,27,49,59a ਤਹਿਤ ਮਾਮਲਾ ਦਰਜ ਕਰ ਲਿਆ ਹੈ।