ਪੰਚਾਇਤੀ ਫੰਡਾਂ ’ਚ ਗਬਨ ’ਤੇ ਵਿਜੀਲੈਂਸ ਬਿਊਰੋ ਨੇ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖ਼ਿਲਾਫ਼ ਦਰਜ ਕੀਤਾ ਕੇਸ

09/22/2022 2:57:30 PM

ਗੁਰਦਾਸਪੁਰ (ਵਿਨੋਦ) : ਸੂਬੇ ’ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਾਮ ਪੰਚਾਇਤ ਸਠਿਆਲੀ, ਜ਼ਿਲ੍ਹਾ ਗੁਰਦਾਸਪੁਰ ਦੇ ਫੰਡਾਂ ’ਚ ਗਬਨ ਕਰਨ ਦੇ ਦੋਸ਼ਾਂ ਤਹਿਤ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ, ਬਲਾਕ ਕਾਹਨੂੰਵਾਨ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਤਨਾਮ ਸਿੰਘ ਸਾਬਕਾ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਇਕ ਵੱਖਰੇ ਕੇਸ ਵਿਚ ਵਿਜੀਲੈਸ ਵਲੋਂ ਬਲਜਿੰਦਰ ਕੁਮਾਰ ਕਾਨੂੰਨਗੋ ਤਹਿਸੀਲ ਖਮਾਣੋ ਅਤੇ ਉਸ ਦੇ ਵਿਚੋਲੇ ਇਕ ਪ੍ਰਾਇਵੇਟ ਵਿਅਕਤੀ ਸਤਪਾਲ ਸਿੰਘ ਸੱਤਾ ਵਾਸੀ ਭੈਣੀਕਲਾਂ, ਜ਼ਿਲ੍ਹਾ ਫਤਹਿਗੜ ਸਾਹਿਬ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਕੀਤੀ ਪੜਤਾਲ ਦੌਰਾਨ ਜਾਂਚ ’ਚ ਪਾਇਆ ਗਿਆ ਕਿ ਸਾਲ 2013 ਤੋਂ ਸਾਲ 2018 ਤੱਕ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਸਠਿਆਲੀ ਦੇ ਵਿਕਾਸ ਕੰਮਾਂ ਲਈ ਪ੍ਰਾਪਤ ਹੋਈ ਗ੍ਰਾਂਟ ਅਤੇ ਪੰਚਾਇਤ ਦੇ ਫੰਡਾਂ ਦੀ ਰਕਮ ਵਿੱਚੋਂ 20,08,602 ਰੁਪਏ ਦਾ ਗਬਨ ਕੀਤਾ ਗਿਆ। ਉਕਤ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਦੋਸ਼ੀ ਸਤਨਾਮ ਸਿੰਘ ਸਾਬਕਾ ਸਰਪੰਚ, ਪਿੰਡ ਸਠਿਆਲੀ ਤੇ ਸੁਖਦੇਵ ਸਿੰਘ ਪੰਚਾਇਤ ਸਕੱਤਰ, ਬਲਾਕ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਮੁਕੱਦਮਾ ਨੰਬਰ 18, ਮਿਤੀ 21.09.2022, ਜੁਰਮ ਅਧੀਨ ਧਾਰਾ 409, 120-ਬੀ ਆਈ.ਪੀ.ਸੀ ਤੇ ਧਾਰਾ 13(1) (ਏ) ਤੇ 13(2) ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਕਤ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਬੁਲਾਰੇ ਨੇ ਦੱਸਿਆ ਕਿ ਇੱਕ ਵੱਖਰੇ ਕੇਸ ਵਿੱਚ ਸ਼ਿਕਾਇਤਕਰਤਾ ਜਰਨੈਲ ਸਿੰਘ ਨੇ ਵਿਜੀਲੈਂਸ ਦੀ ਟੋਲ ਫਰੀ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਜਿੰਦਰ ਕੁਮਾਰ ਕਾਨੂੰਨਗੋ ਨੇ ਆਪਣੇ ਨਾਲ ਰੱਖੇ ਪ੍ਰਾਈਵੇਟ ਕਰਿੰਦੇ ਸਤਪਾਲ ਸਿੰਘ ਸੱਤਾ ਰਾਹੀਂ ਪਿੰਡ ਬਿਲਾਸਪੁਰ ਵਿਖੇ ਖਰੀਦ ਕੀਤੀ ਜ਼ਮੀਨ ਦੀ ਤਕਸੀਮ ਅਤੇ ਮਿਣਤੀ ਕਰਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਮੰਗੀ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਕਿ ਉਕਤ ਕਾਨੂੰਨਗੋ ਪਹਿਲਾਂ ਉਸ ਕੋਲੋਂ 3000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਆਪਣੇ ਕਰਿੰਦੇ ਰਾਹੀਂ 10,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਉਨ੍ਹਾਂ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਹਾਂ ਦੋਸ਼ੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਹੋਰ ਤਫ਼ਤੀਸ਼ ਜਾਰੀ ਹੈ।
 


rajwinder kaur

Content Editor

Related News