ਰੋਡਵੇਜ਼ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਿਹੈ ਤਰਨਤਾਰਨ ਜ਼ਿਲ੍ਹੇ ਦੇ ਟਰਾਂਸਪੋਰਟ ਮੰਤਰੀ ਭੁੱਲਰ ਦਾ ਡਿਪੂ
Sunday, Feb 12, 2023 - 12:39 PM (IST)

ਤਰਨ ਤਾਰਨ (ਰਮਨ)- ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਆਏ ਦਿਨ ਵਿਭਾਗ ਦੀ ਤਰੱਕੀਆਂ ਅਤੇ ਹੋਰ ਸਹੂਲਤਾਂ ਸਬੰਧੀ ਲੋਕਾਂ ’ਚ ਖੁੱਲ੍ਹ ਕੇ ਦਾਅਵੇ ਕੀਤੇ ਜਾਂਦੇ ਹਨ, ਪਰ ਉਨ੍ਹਾਂ ਦੇ ਜ਼ਿਲ੍ਹੇ ਅਧੀਨ ਅਧੀਨ ਆਉਂਦੇ ਪੰਜਾਬ ਰੋਡਵੇਜ਼ ਡਿਪੂ ਤਰਨਤਾਰਨ ਵਿਖੇ ਸਟਾਫ਼ ਦੀ ਭਾਰੀ ਕਮੀ ਕਾਰਨ ਮੌਜੂਦਾ ਕਰਮਚਾਰੀਆਂ ਉੱਪਰ ਜਿੱਥੇ ਵਾਧੂ ਬੋਝ ਪਾਉਂਦੇ ਹੋਏ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਡਰਾਈਵਰਾਂ ਦੀ ਘਾਟ ਕਾਰਨ ਕਈ ਰੂਟਾਂ ਨੂੰ ਮਜ਼ਬੂਰਨ ਬੰਦ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਰਹੱਦੀ ਇਲਾਕਿਆਂ ’ਚ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਡਿਪੂ ’ਚ ਡਰਾਈਵਰਾਂ, ਕੰਡਕਟਰਾਂ, ਮਕੈਨਿਕਾਂ, ਕਲਰਕਾਂ ਸਮੇਤ ਸੈਂਕੜੇ ਕਰਮਚਾਰੀਆਂ ਦੀਆਂ ਪੋਸਟਾਂ ਪਿਛਲੇ ਲੰਮੇਂ ਸਮੇਂ ਤੋਂ ਖਾਲੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਪੰਜਾਬ ਰੋਡਵੇਜ਼ ਦਫ਼ਤਰ ਅਧੀਨ ਇਸ ਸਮੇਂ 5 ਦਰਜਨ ਤੋਂ ਵੱਧ ਨਵੀਂਆਂ ਪੁਰਾਣੀਆਂ ਬੱਸਾਂ ਵੱਖ-ਵੱਖ ਰੂਟਾਂ ’ਤੇ ਰੋਜ਼ਾਨਾ ਰਵਾਨਾ ਹੋ ਰਹੀਆਂ ਹਨ, ਜਦਕਿ ਇਕ ਦਰਜਨ ਦੇ ਕਰੀਬ ਬੱਸਾਂ ਦਾ ਸਮਾਂ ਪੂਰਾ ਹੋਣ ਕਾਰਨ ਕੰਡਮ ਹੋ ਚੁੱਕੀਆਂ ਹਨ। ਇਸ ਦਫ਼ਤਰ ’ਚ ਸਟਾਫ਼ ਦੀ ਭਾਰੀ ਕਮੀ ਕਾਰਨ ਮੌਜੂਦਾ ਕਰਮਚਾਰੀਆਂ ਨੂੰ ਵਾਧੂ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਦਾ ਬੋਝ ਝੱਲ ਰਹੇ ਹਨ।
ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਡਵੇਜ਼ ਡਿਪੂ ਤਰਨਤਾਰਨ ਵਿਚ ਕਲਰਕਾਂ ਦੀਆਂ 7 ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਇੰਸਪੈਕਟਰਾਂ ਦੀਆਂ 5 ਪੋਸਟਾਂ ਖਾਲੀ ਹਨ ਜਦਕਿ ਦਫ਼ਤਰ ’ਚ ਲਾਅ ਅਫ਼ਸਰ, ਸੁਪਰਡੈਂਟ, ਐਡੀਟਰ, ਸਟੈਨੋ ਗਰਾਫ਼ਰ, ਟਾਈਪਿੱਸਟ ਦੀ ਇਕ ਵੀ ਪੋਸਟ ਨਹੀਂ ਭਰੀ ਗਈ। ਹੈਰਾਨੀ ਦੀ ਗੱਲ ਹੈ ਕਿ ਬੱਸਾਂ ਦੀ ਰੋਜ਼ਾਨਾ ਸਰਵਿਸ ਅਤੇ ਚੈੱਕਅਪ ਲਈ ਰੱਖੇ ਗਏ ਕੁੱਲ 32 ਮਕੈਨਿਕਾਂ ’ਚੋਂ 26 ਦੀਆਂ ਪੋਸਟਾਂ ਖਾਲੀ ਚੱਲ ਰਹੀਆਂ ਹਨ, ਜਿਸ ਕਾਰਨ ਡਰਾਈਵਰਾਂ ਨੂੰ ਮਜ਼ਬੂਰਨ ਮਾਮੂਲੀ ਖ਼ਰਾਬ ਹੋਈਆਂ ਬੱਸਾਂ ਨੂੰ ਵੀ ਕਈ ਵਾਰ ਸਫ਼ਰ ’ਤੇ ਲਿਜਾਣਾ ਪੈ ਰਿਹਾ ਹੈ।
ਰੋਡਵੇਜ਼ ਦੇ ਇਸ ਦਫ਼ਤਰ ਵਿਚ ਡਰਾਈਵਰਾਂ ਦੀਆਂ ਜਿੱਥੇ 55 ਪੋਸਟਾਂ ਖਾਲੀ ਹਨ, ਉੱਥੇ ਕੰਡਕਟਰਾਂ ਦੀਆਂ 11 ਖਾਲੀ ਪੋਸਟਾਂ ਲੰਮੇਂ ਸਮੇਂ ਤੋਂ ਖਾਲੀ ਪਈਆਂ ਹਨ। ਇਸ ਦੇ ਨਾਲ ਹੀ ਵਾਸ਼ਿੰਗ ਮੈਨ, ਟਾਇਰਮੈਨ, ਵਰਕਸ ਮੈਨੇਜਰ, ਅਕਾਊਂਟ ਅਫ਼ਸਰ ਦੀਆਂ ਪੋਸਟਾਂ ਵੀ ਲੰਮੇ ਸਮੇਂ ਤੋਂ ਖਾਲੀ ਹਨ। ਜ਼ਿਲ੍ਹੇ ਦੇ ਨਿਵਾਸੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਲਾਕਾ ਵਾਸੀਆਂ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ
ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸੁਖਜੀਤ ਸਿੰਘ ਨੇ ਦੱਸਿਆ ਕਿ ਰੋਡਵੇਜ਼ ਡਿਪੂ ਵਿਚ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਾਰੀ ਕਮੀ ਕਾਰਨ ਸੀ-ਟਾਈਪ ਦੇ ਰੂਟਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਮੰਨਿਆ ਕਿ ਡਰਾਈਵਰ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਵਿਭਾਗ ਨੂੰ ਸਮੇਂ-ਸਮੇਂ ’ਤੇ ਲਿਖਤੀ ਰੂਪ ’ਚ ਜਾਣਕਾਰੀ ਭੇਜੀ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।