ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਣ ਸਾਵਧਾਨ! 1115 ਕੈਮਰੇ ਤੇ 300 ਮੁਲਾਜ਼ਮ ਰੱਖਣਗੇ ਪਲ-ਪਲ ਦੀ ਨਜ਼ਰ
Friday, Feb 06, 2026 - 03:49 PM (IST)
ਅੰਮ੍ਰਿਤਸਰ (ਦਲਜੀਤ)-ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਸਾਵਧਾਨ ਹੋ ਜਾਣ। ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ 1115 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕੀਤੇ ਹਨ। ਸੀ. ਸੀ. ਟੀ. ਵੀ. ਕੈਮਰਾ ਤਹਿਤ ਜਿੱਥੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਦੇ ਰੋਜ਼ਾਨਾ ਚਲਾਨ ਹੋ ਰਹੇ ਹਨ, ਉਥੇ ਹੀ ਸੜਕੀ ਆਵਾਜਾਈ ਅਤੇ ਨਾਜਾਇਜ਼ ਕਬਜ਼ੇ ਕਰ ਕੇ ਟ੍ਰੈਫਿਕ ਵਿਚ ਵਿਘਨ ਪਾਉਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-SC ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਆਮ ਆਦਮੀ ਪਾਰਟੀ : ਹਰਸਿਮਰਤ ਕੌਰ ਬਾਦਲ
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਹੋਇਆਂ ਏ. ਡੀ. ਸੀ. ਪੀ. ਟ੍ਰੈਫਿਕ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਟਰੈਫਿਕ ਪੁਲਸ ਲੋਕਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਸ਼ਹਿਰ ਵਿਚ ਸਵਾ 300 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਸ਼ਹਿਰ ਵਿਚ ਆਵਾਜਾਈ ਨੂੰ ਬਹਾਲ ਰੱਖਣ ਲਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਵੱਲੋਂ ਲਗਾਤਾਰ ਮੁਲਾਜ਼ਮਾਂ ਦੀ ਨਿਗਰਾਨੀ ਕਰਦਿਆਂ ਹੋਇਆਂ ਜਨਤਾ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ। ਸ਼ਹਿਰ ਦੇ ਮੁੱਖ ਚੌਕਾਂ ’ਤੇ ਤਿੰਨ ਤੋਂ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਕੰਟਰੋਲ ਰੂਮ 'ਤੇ ਟਰੈਫਿਕ ਸਬੰਧੀ ਆਉਣ ਵਾਲੀ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਟੀਮ ਨੂੰ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜ ਕੇ ਹੱਲ ਕੱਢਿਆ ਜਾਂਦਾ ਹੈ। ਏ. ਡੀ. ਸੀ. ਪੀ. ਟ੍ਰੈਫਿਕ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਰੋਜ਼ਾਨਾ ਟ੍ਰੈਫਿਕ ਪੁਲਸ ਵੱਲੋਂ 500 ਦੇ ਕਰੀਬ ਨਿਯਮਾਂ ਦਾ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ 1115 ਦੇ ਕਰੀਬ ਸੀ. ਸੀ. ਟੀ. ਵੀ. ਇੰਸਟਾਲ ਕੀਤੇ ਗਏ ਹਨ, ਜਿੱਥੇ ਬਾਰੀਕੀ ਦੇ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸਾਰਿਆਂ ਤੋਂ ਜ਼ਿਆਦਾ ਰੋਂਗ ਸਾਈਡ ਦੇ ਚਲਾਨ ਹੋ ਰਹੇ ਹਨ।
ਇਹ ਵੀ ਪੜ੍ਹੋ- ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ
ਲੋਕ ਰੋਂਗ ਸਾਈਡ ਜਾ ਕੇ ਜਿੱਥੇ ਟਰੈਫਿਕ ਦੀ ਸਮੱਸਿਆ ਪੈਦਾ ਕਰਦੇ ਹਨ, ਉਥੇ ਹੀ ਉਨ੍ਹਾਂ ਦੀ ਗਲਤੀ ਕਾਰਨ ਦੂਸਰੀ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਟ੍ਰੈਫਿਕ ਪੁਲਸ ਵੱਲੋਂ ਰੋਂਗ ਸਾਈਡ ਗੱਡੀ ਚਲਾਉਣ ਵਾਲਿਆਂ 'ਤੇ ਸਖਤੀ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿਚ ਹੁਣ ਲਗਾਤਾਰ ਸੁਧਾਰ ਹੋ ਰਿਹਾ ਹੈ। ਆਮ ਜਨਤਾ ਨੂੰ ਵੀ ਚਾਹੀਦਾ ਹੈ ਕਿ ਨੇੜੇ ਦੀ ਮੰਜ਼ਿਲ 'ਤੇ ਜਾਣ ਲਈ ਚਾਰ ਪਹੀਆ ਵਾਹਨ ਨਾ ਚਲਾ ਕੇ ਦੋ ਪਹੀਆ ਵਾਹਨ ਦਾ ਇਸਤੇਮਾਲ ਕੀਤਾ ਜਾਵੇ। ਇਸ ਦੇ ਨਾਲ ਹੀ ਇਕ ਹੀ ਦਫਤਰ ਵਿਚ ਇਕ ਹੀ ਜਗ੍ਹਾ ਤੋਂ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਇਕ ਦੂਜੇ ਦੇ ਨਾਲ ਮਿਲ ਕੇ ਇਕ ਹੀ ਸਾਧਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ, ਉਥੇ ਹੀ ਉਹ ਆਪਣੇ ਨਿੱਜੀ ਖਰਚੇ ਤੋਂ ਵੀ ਬਚਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਟਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਪੁਲਸ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਉਹ ਵੀ ਖੁਦ ਸਾਰਾ ਦਿਨ ਫੀਲਡ ’ਚ ਰਹਿ ਕੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ।
ਇਹ ਵੀ ਪੜ੍ਹੋ- ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ
ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ’ਤੇ ਹੋਵੇਗੀ ਹੁਣ ਕਾਨੂੰਨੀ ਕਾਰਵਾਈ
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਹੋਇਆਂ ਏ. ਡੀ. ਸੀ. ਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਸੜਕਾਂ ’ਤੇ ਨਾਜਾਇਜ਼ ਕਬਜ਼ੇ ਵੀ ਹਨ। ਪ੍ਰਸ਼ਾਸਨ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਦੁਕਾਨਦਾਰ ਬਾਰ-ਬਾਰ ਕਹਿਣ 'ਤੇ ਵੀ ਸੜਕ 'ਤੇ ਸਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕਰ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਬਰਕਰਾਰ ਰੱਖ ਰਿਹਾ ਹੈ ਤਾਂ ਉਸ ਖਿਲਾਫ ਬਣਦੇ ਨਿਯਮਾਂ ਤਹਿਤ ਜਿੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਥੇ ਹੀ ਨਿਗਮ ਵੱਲੋਂ ਵੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ ਭਵਿੱਖਬਾਣੀ
ਏ. ਡੀ. ਸੀ. ਪੀ ਟ੍ਰੈਫਿਕ ਨੇ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਦੂਦ ਦੇ ਅੰਦਰ ਹੀ ਸਮਾਨ ਰੱਖਣ ਤਾਂ ਜੋ ਟਰੈਫਿਕ ਦੀ ਸਮੱਸਿਆ ਪੈਦਾ ਨਾ ਹੋ ਸਕੇ ਅਤੇ ਆਮ ਜਨਤਾ ਸੁਚਾਰੂ ਢੰਗ ਦੇ ਨਾਲ ਆਪਣੇ ਸਾਧਨਾਂ ਨੂੰ ਚਲਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
