ਜਥੇਦਾਰ ਗੜਗੱਜ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ ਜਾਣ ਤੋਂ ਰੋਕਿਆ

Monday, Sep 21, 2026 - 08:37 PM (IST)

ਜਥੇਦਾਰ ਗੜਗੱਜ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ ਜਾਣ ਤੋਂ ਰੋਕਿਆ

ਡੇਰਾ ਬਾਬਾ ਨਾਨਕ, (ਗੋਰਾਇਆ, ਗੁਰਪ੍ਰੀਤ ਚਾਲਵਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਡੇਰਾ ਬਾਬਾ ਨਾਨਕ ਭਾਰਤ ਵਾਲੇ ਪਾਸੇ ਜ਼ੀਰੋ ਲਾਈਨ ਉੱਤੇ ਲਾਂਘੇ ਛੇਤੀ ਖੁੱਲ੍ਹਣ ਲਈ ਭਾਰਤ ਤੇ ਪਾਕਿਸਤਾਨ ਦੇ ਸਿੱਖਾਂ ਵੱਲੋਂ ਉਲੀਕੇ ਗਏ ਸਾਂਝੇ ਸਮਾਗਮ ਲਈ ਪੁੱਜੇ ਪਰ ਸੀਮਾ ਸੁਰੱਖਿਆ ਬਲ ਦੇ ਬਾਰਡਰ 'ਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ੀਰੋ ਲਾਈਨ ਤੋਂ ਕੁਝ ਦੂਰੀ 'ਤੇ ਪਿੱਛੇ ਹੀ ਰੋਕ ਦਿੱਤਾ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਲੈ ਕੇ ਆਇਆ ਗਿਆ, ਜਿਸ ਵਿੱਚ ਗੁਆਂਢੀ ਦੇਸ਼ ਦੇ ਕਈ ਹਿੱਸਿਆਂ ਤੋਂ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਭਾਰਤ ਵਾਲੇ ਪਾਸਿਓਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੱਦੇ 'ਤੇ ਸਿੱਖ ਸੰਗਤ ਡੇਰਾ ਬਾਬਾ ਨਾਨਕ ਵਾਲੇ ਪਾਸੇ ਇਕੱਤਰ ਹੋਈ ਤੇ ਜਥੇ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਅੱਗੇ ਵਧੀ। ਜਥੇਦਾਰ ਗੜਗੱਜ ਵੱਲੋਂ ਦਿੱਤੇ ਸੱਦੇ ਤੇ ਉਨ੍ਹਾਂ ਦੀ ਬਾਰਡਰ ਜ਼ੀਰੋ ਲਾਈਨ ਉੱਤੇ ਅਰਦਾਸ ਸਮਾਗਮ ਲਈ ਆਮਦ ਬਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ  ਰਜਿੰਦਰ ਸਿੰਘ ਰੂਬੀ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਰਣਜੀਤ ਸਿੰਘ ਰਾਹੀਂ ਸਵੇਰ ਤੋਂ ਹੀ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ। ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਜਥੇਦਾਰ ਗੜਗੱਜ ਕੁਝ ਸਿੱਖ ਸੰਗਤ ਨਾਲ ਜ਼ੀਰੋ ਲਾਈਨ 'ਤੇ ਆ ਕੇ ਭਾਰਤ ਵਾਲੇ ਪਾਸੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ, ਭਾਰਤ-ਪਾਕਿਸਤਾਨ ਵਿਚਕਾਰ ਅਮਨ ਸ਼ਾਂਤੀ ਬਣੀ ਰਹਿਣ ਅਤੇ ਵਪਾਰ ਲਈ ਬਾਰਡਰ ਖੁੱਲ੍ਹਣ ਲਈ ਅਰਦਾਸ ਬੇਨਤੀ ਕਰਨ ਲਈ ਆਉਣਗੇ।

ਜਦੋਂ ਜਥੇਦਾਰ ਗੜਗੱਜ ਦੀ ਅਗਵਾਈ ਵਿੱਚ ਸਿੱਖ ਸੰਗਤ ਦਾ ਜਥਾ ਜ਼ੀਰੋ ਲਾਈਨ ਵੱਲ ਵਧਿਆ ਤਾਂ ਨੇੜੇ ਪੁੱਜਣ ਉੱਤੇ ਕੁਝ ਦੂਰੀ ਉੱਤੇ ਹੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜੇਕਰ ਅਰਦਾਸ ਬੇਨਤੀ ਕਰਨੀ ਹੈ ਤਾਂ ਜ਼ੀਰੋ ਲਾਈਨ ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੀ ਕੀਤੀ ਜਾਵੇ। ਇਸ ਉੱਤੇ ਜਥੇਦਾਰ ਗੜਗੱਜ ਨੇ ਬੀਐੱਸਐੱਫ ਜਵਾਨਾਂ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੰਜ ਸਿੰਘਾਂ ਦਾ ਜਥਾ ਜ਼ੀਰੋ ਲਾਈਨ 'ਤੇ ਜਾਣ ਦੇਣ ਨੂੰ ਕਿਹਾ ਤਾਂ ਜੋ ਪਾਕਿਸਤਾਨ ਸਿੱਖ ਸੰਗਤ ਵੱਲੋਂ ਲਿਆਂਦੇ ਗਏ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਲਈ ਸਿਰੋਪਾਓ ਦੂਜੇ ਪਾਸੇ ਸੌਂਪੇ ਜਾ ਸਕਣ ਪਰ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।  ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿੱਥੇ ਬੀਐੱਸਐੱਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਲਗਾਏ ਨਾਕੇ ਦੇ ਸਾਹਮਣੇ ਹੀ ਜ਼ਮੀਨ ਉੱਤੇ ਸੰਗਤ ਸਮੇਤ ਬੈਠ ਗਏ ਤੇ ਉਪਰੰਤ ਰਹਿਰਾਸ ਸਾਹਿਬ ਤੇ ਸ਼ਬਦ ਕੀਰਤਨ ਕਰਕੇ ਲਾਂਘਾ ਖੁੱਲ੍ਹਣ ਤੇ ਦੋਵਾਂ ਦੇਸ਼ਾਂ ਵਿਚਕਾਰ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਗਈ। 

ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਠੀਕ ਗੱਲ ਨਹੀਂ ਕਿ ਸਿੱਖਾਂ ਨੂੰ ਜ਼ੀਰੋ ਲਾਈਨ ਉੱਤੇ ਅਰਦਾਸ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ ਤੇ ਭਾਵਨਾਵਾਂ ਦੀ ਕਦਰ ਕਰਦਿਆਂ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਚਾਹੀਦਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਉਹ ਹਰ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਅਰਦਾਸ ਕਰਨ ਲਈ ਆਉਣਗੇ ਕਿ ਲਾਂਘਾ ਛੇਤੀ ਖੁੱਲ੍ਹੇ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਉੱਤੇ ਉਹ ਪਹਿਲੇ ਜਥੇ ਵਿੱਚ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

 


author

Shubam Kumar

Content Editor

Related News