ਹੈਰੋਇਨ ਸਮੱਗਲਰ ਓਂਕਾਰ ਸਿੰਘ ਤੇ ਗੁਰਦੇਵ ਸਿੰਘ ਨੂੰ 12 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ

Saturday, Oct 03, 2026 - 03:06 PM (IST)

ਹੈਰੋਇਨ ਸਮੱਗਲਰ ਓਂਕਾਰ ਸਿੰਘ ਤੇ ਗੁਰਦੇਵ ਸਿੰਘ ਨੂੰ 12 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ

ਅੰਮ੍ਰਿਤਸਰ (ਨੀਰਜ)- ਐੱਨ. ਸੀ. ਬੀ. ਵੱਲੋਂ 2 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਓਂਕਾਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਸਪੈਸ਼ਲ ਕੋਰਟ ਅੰਮ੍ਰਿਤਸਰ ਵੱਲੋਂ ਮਾਣਯੋਗ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ 12 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 1,00,000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਸਜ਼ਾ ਹੋਰ ਵੀ ਵਧ ਸਕਦੀ ਹੈ। ਇਸ ਦੇ ਨਾਲ-ਨਾਲ ਸਮੱਗਲਰਾਂ ਵੱਲੋਂ ਹੈਰੋਇਨ ਨੂੰ ਟਿਕਾਣੇ ਲਾਉਣ ਲਈ ਵਰਤਿਆ ਵਾਹਨ ਵੀ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ’ਚ ਸਮੇਂ-ਸਮੇਂ ’ਤੇ ਐੱਨ. ਸੀ. ਬੀ. ਦੇ ਅਧਿਕਾਰੀਆਂ, ਜਿਨ੍ਹਾਂ ’ਚ ਇੰਸਪੈਕਟਰ ਰੈਂਕ ਅਤੇ ਸੁਪਰਡੈਂਟ ਰੈਂਕ ਤੋਂ ਇਲਾਵਾ ਆਈ. ਪੀ. ਐੱਸ. ਅਧਿਕਾਰੀ ਕੌਸਤੁਭ ਸ਼ਰਮਾ ਵੱਲੋਂ ਵੀ ਪੈਰਵੀ ਕੀਤੀ ਗਈ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ

ਕੀ ਸੀ ਮਾਮਲਾ

31 ਮਾਰਚ 2017 ਨੂੰ ਐੱਨ. ਸੀ. ਬੀ. ਅੰਮ੍ਰਿਤਸਰ ਜ਼ੋਨਲ ਦੀ ਟੀਮ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਓਂਕਾਰ ਸਿੰਘ ਵਾਸੀ ਘਰਿੰਡਾ ਕਸਬਾ ਅਟਾਰੀ ਅਤੇ ਗੁਰਦੇਵ ਸਿੰਘ ਵਾਸੀ ਅਜਨਾਲਾ ਆਪਣੀ ਟੋਇਟਾ ਇਨੋਵਾ, ਜਿਸ ਦਾ ਨੰਬਰ 3941 ਸੀ, ਉਸ ’ਚ ਹੈਰੋਇਨ ਦੀ ਖੇਪ ਲੈ ਕੇ ਕਿਸੇ ਅਣਪਛਾਤੇ ਵਿਅਕਤੀ ਨੂੰ ਡਲਿਵਰ ਕਰਨ ਲਈ ਜਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਵਿਭਾਗ ਵੱਲੋਂ ਇਕ ਸਪੈਸ਼ਲ ਟੀਮ ਬਣਾਈ ਗਈ ਅਤੇ ਟਰੈਪ ਲਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਨੇ ਆਪਣੀ ਇਨੋਵਾ ਕਾਰ ਦੀ ਪਿਛਲੀ ਸੀਟ ’ਚ ਇਕ ਕੈਵਿਟੀ ਬਣਾ ਕੇ ਹੈਰੋਇਨ ਨੂੰ ਬੜੇ ਹੀ ਸ਼ਾਤਿਰਾਨਾ ਤਰੀਕੇ ਨਾਲ ਛੁਪਾਇਆ ਹੋਇਆ ਸੀ, ਜਿਸ ਨੂੰ ਕੋਈ ਵੀ ਸਾਧਾਰਨ ਵਿਅਕਤੀ ਆਸਾਨੀ ਨਾਲ ਦੇਖ ਨਹੀਂ ਸਕਦਾ ਸੀ ਪਰ ਐੱਨ. ਸੀ. ਬੀ. ਦੇ ਤਜਰਬੇਕਾਰ ਅਧਿਕਾਰੀਆਂ ਵੱਲੋਂ ਦੋਸ਼ੀਆਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੈਰੋਇਨ ਦੀ ਰਿਕਵਰੀ ਕੀਤੀ ਗਈ। ਸ਼ੁਰੂਆਤੀ ਜਾਂਚ ’ਚ ਇਹ ਵੀ ਪਤਾ ਲੱਗਾ ਕਿ ਓਂਕਾਰ ਸਿੰਘ, ਜੋ ਕਿ ਘਰਿੰਡਾ ਥਾਣੇ ਦੇ ਖੇਤਰ ’ਚ ਆਉਂਦਾ ਹੈ ਅਤੇ ਭਾਰਤ-ਪਾਕਿਸਤਾਨ ਬਾਰਡਰ ਦੇ ਨੇੜਲੇ ਪਿੰਡ ’ਚ ਰਹਿੰਦਾ ਹੈ, ਉਸ ਵੱਲੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਗਈ ਸੀ। ਉਕਤ ਦੋਸ਼ੀ ਪਹਿਲਾਂ ਵੀ ਹੈਰੋਇਨ ਦੀ ਖੇਪ ਮੰਗਵਾ ਚੁੱਕੇ ਸਨ ਅਤੇ ਡਲਿਵਰ ਕਰ ਚੁੱਕੇ ਸਨ ਪਰ ਪੁਲਸ ਦੇ ਸ਼ਿਕੰਜੇ ’ਚ ਨਹੀਂ ਆ ਰਹੇ ਸਨ।

ਇਹ ਵੀ ਪੜ੍ਹੋ-ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ

ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ, 1933 ਟੋਲ ਫ੍ਰੀ ਨੰਬਰ ’ਤੇ ਕਰੋ ਡਾਇਲ

ਐੱਨ. ਸੀ. ਬੀ. ਦੇ ਸੀਨੀਅਰ ਅਧਿਕਾਰੀ ਅਮਨਜੀਤ ਸਿੰਘ (ਆਈ. ਆਰ. ਐੱਸ.) ਨੇ ਦੱਸਿਆ ਕਿ ਵਿਭਾਗ ਵੱਲੋਂ ਨਸ਼ਿਆਂ ਦੀ ਆਮਦ ਅਤੇ ਨਸ਼ੇ ਦੀ ਵਿਕਰੀ ਦੇ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਵੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਰੋਕਥਾਮ ਕਰਨ ਲਈ ਕੇਂਦਰ ਸਰਕਾਰ ਵੱਲੋਂ ਟੋਲ ਫ੍ਰੀ ਨੰਬਰ 1933 ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਕੋਈ ਵੀ ਵਿਅਕਤੀ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਜਾਂ ਨਸ਼ੇ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਜਾਣਕਾਰੀ ਦੇ ਸਕਦਾ ਹੈ। ਵਿਭਾਗ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਵੀ ਗੁਪਤ ਰੱਖਿਆ ਜਾਂਦਾ ਹੈ। ਉਥੇ ਹੀ ਐੱਨ. ਸੀ. ਬੀ. ਦੇ ਅਧਿਕਾਰੀ ਅਮਨਜੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਕਸਟਮ ਵਿਭਾਗ ’ਚ ਐਂਟੀ ਸਮੱਗਲਿੰਗ ਵਿੰਗ ’ਚ ਤਾਇਨਾਤੀ ਦੌਰਾਨ ਹੈਰੋਇਨ ਸਮੱਗਲਿੰਗ ਦੇ ਵੱਡੇ-ਵੱਡੇ ਕੇਸ ਬਣਾ ਚੁੱਕੇ ਹਨ। ਸਾਲ 2016 ਦੌਰਾਨ ਵੀ ਅਮਨਜੀਤ ਸਿੰਘ ਵੱਲੋਂ ਐਂਟੀ ਸਮੱਗਲਿੰਗ ਵਿੰਗ ’ਚ ਤਾਇਨਾਤੀ ਦੌਰਾਨ 22 ਕਿਲੋ ਹੈਰੋਇਨ ਦੀ ਇਕ ਵੱਡੀ ਖੇਪ ਫੜੀ ਗਈ ਸੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਕਸਟਮ ਵਿਭਾਗ ਵੱਲੋਂ ਐਂਟੀ ਸਮੱਗਲਿੰਗ ਵਿੰਗ ’ਚ ਕੋਈ ਵੀ ਵੱਡਾ ਕੇਸ ਨਹੀਂ ਬਣਾਇਆ ਗਿਆ।

ਇਹ ਵੀ ਪੜ੍ਹੋ-ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News