329 ਪਿੰਡਾਂ ’ਚ ਹੋਈ ਭਿਆਨਕ ਤਬਾਹੀ ਨੇ ਉਜਾਗਰ ਕੀਤੀ ਦਰਿਆ ਦੇ ਧੁੰਸੀ ਬੰਨ੍ਹਾਂ ਦੀ ਖ਼ਸਤਾ ਹਾਲਤ
Sunday, Sep 07, 2025 - 06:20 PM (IST)

ਗੁਰਦਾਸਪੁਰ(ਹਰਮਨ)-ਬਰਸਾਤਾਂ ਦੇ ਇਸ ਸੀਜ਼ਨ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਆਏ ਭਿਆਨਕ ਹੜ੍ਹਾਂ ਨੇ ਜਿੱਥੇ 1900 ਦੇ ਕਰੀਬ ਪਿੰਡਾਂ ’ਚ ਲੋਕਾਂ ਦੇ ਜਨ ਜੀਵਨ ਅਤੇ ਜਾਨ ਮਾਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਇਨ੍ਹਾਂ ਹੜ੍ਹਾਂ ਨੇ ਦਰਿਆਵਾਂ ਦੇ ਪਾਣੀ ਨੂੰ ਠੱਲ੍ਹ ਪਾਉਣ ਲਈ ਧੁੱਸੀ ਬੰਨ੍ਹਾਂ ਦੀ ਮਾੜੀ ਹਾਲਤ ਅਤੇ ਹੋਰ ਕਈ ਤਰ੍ਹਾਂ ਦੀਆਂ ਊਣਤਾਈਆਂ ਨੂੰ ਉਜਾਗਰ ਕਰ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ ਅੰਦਰ 10 ਸਤੰਬਰ ਤੱਕ ਵੱਧ ਸਕਦੀਆਂ ਨੇ ਛੁੱਟੀਆਂ
ਬੇਸ਼ੱਕ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆਏ ਬੇਤਹਾਸ਼ਾ ਪਾਣੀ ਨੂੰ ਠੱਲਣਾ ਆਸਾਨ ਨਹੀਂ ਸੀ ਪਰ ਪੀੜਤ ਲੋਕਾਂ ਅਤੇ ਪੰਜਾਬ ਵਾਸੀਆਂ ਦੇ ਮਨਾਂ ’ਚ ਇਹ ਸਵਾਲ ਵਾਰ-ਵਾਰ ਉੱਠ ਰਹੇ ਹਨ ਕਿ ਆਖਿਰ ਕਦੋਂ ਤੱਕ ਪੰਜਾਬ ਦੇ ਲੋਕ ਆਏ ਸਾਲ ਇਸੇ ਤਰ੍ਹਾਂ ਹੜਾਂ ਦੀ ਮਾਰ ਨਾਲ ਜੂਝਦੇ ਰਹਿਣਗੇ? ਜਦੋਂ ਕਿ ਇਸ ਮੌਕੇ ਪੰਜਾਬ ਸੂਬਾ ਹਰ ਪੱਖ ਤੋਂ ਸਮਰੱਥ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸਦੇ ਬਾਵਜੂਦ ਪਾਣੀ ਨੂੰ ਰੋਕਣ ਦੇ ਮਾਮਲੇ ਵਿਚ ਸੂਬੇ ਦਾ ਢਾਂਚਾ ਵਾਰ-ਵਾਰ ਅਸਫਲ ਸਿੱਧ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਵੱਖ-ਵੱਖ ਜ਼ਿਲਿਆਂ ਵਿਚ ਦਰਿਆਵਾਂ ਕਿਨਾਰੇ ਵੱਸਦੇ ਲੋਕਾਂ ਨੂੰ ਅਕਸਰ ਹੀ ਹੜ੍ਹਾਂ ਦੀ ਮਾਰ ਨਾਲ ਜੂਝਣਾ ਪੈਂਦਾ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ
ਕੀ ਹੈ ਪ੍ਰਭਾਵਿਤ ਹੋ ਚੁੱਕੇ ਹਨ 3.80 ਲੱਖ ਲੋਕਾਂ ਦਾ ਕਸੂਰ?
ਇਸ ਮੌਕੇ ਸੂਬੇ ਅੰਦਰ 1902 ਦੇ ਕਰੀਬ ਪਿੰਡਾਂ ਵਿਚ ਪਾਣੀ ਨੇ ਨੁਕਸਾਨ ਕੀਤਾ ਹੈ, ਜਿਸ ਕਾਰਨ 3 ਲੱਖ 80 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 11 ਲੱਖ 70 ਹਜ਼ਾਰ ਹੈਕਟਰ ਤੋਂ ਜਿਆਦਾ ਜ਼ਮੀਨ ਵਿਚ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ। ਇਨ੍ਹਾਂ ’ਚੋਂ ਗੁਰਦਾਸਪੁਰ ਜ਼ਿਲੇ ਅੰਦਰ ਸਭ ਤੋਂ ਜ਼ਿਆਦਾ ਬਰਬਾਦੀ ਹੋਈ ਹੈ, ਜਿੱਥੇ 329 ਪਿੰਡਾਂ ’ਚ ਹੜ੍ਹ ਦੇ ਪਾਣੀ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ ਅਤੇ ਕਰੀਬ ਡੇਢ ਲੱਖ ਲੋਕਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਜਹਾਨੋ ਤੁਰ ਗਏ 2 ਸਕੇ ਭਰਾ
ਗੁਰਦਾਸਪੁਰ ਜ਼ਿਲੇ ਅੰਦਰ ਤਕਰੀਬਨ 40 ਹਜ਼ਾਰ ਹੈਕਟੇਅਰ ਖੇਤੀਬਾੜੀ ਜ਼ਮੀਨ ਪਾਣੀ ’ਚ ਡੁੱਬੀ ਹੈ, ਜਿਸ ਕਾਰਨ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ 1955, 1988, 1993, 2019 ਅਤੇ 2023 ਦੌਰਾਨ ਵੱਖ-ਵੱਖ ਥਾਈਂ ਹੜ੍ਹ ਆ ਚੁੱਕੇ ਹਨ। ਹੜ੍ਹਾਂ ਨਾਲ ਪ੍ਰਭਾਵਿਤ ਲੋਕ ਇਸ ਗੱਲ ਨੂੰ ਲੈ ਕੇ ਰੋਸ ਵਿਚ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ? ਪਾਣੀ ਦੀ ਮਾਰ ਕਾਰਨ ਆਏ ਦਿਨ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਸਮੇਤ ਹੋਰ ਕੀਮਤੀ ਸਾਮਾਨ ਖਰਾਬ ਹੋ ਜਾਂਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ PM ਮੋਦੀ ਦੀ ਫੇਰੀ ਦੇ ਮੱਦੇਨਜ਼ਰ ਲੱਗੀ ਵੱਡੀ ਪਾਬੰਦੀ, 3 ਦਿਨ ਲਈ ਹੁਕਮ ਜਾਰੀ
ਵਾਰ-ਵਾਰ ਹੁੰਦਾ ਹੈ ਗੁਰਦਾਸਪੁਰ ਜ਼ਿਲੇ ਦਾ ਨੁਕਸਾਨ
ਗੁਰਦਾਸਪੁਰ ਜ਼ਿਲੇ ’ਚ ਅਕਸਰ ਦੋ ਦਰਿਆਵਾਂ ਦੀ ਮਾਰ ਪੈਂਦੀ ਹੈ ਇਸ ਦੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਵਾਲੇ ਪਾਸੇ ਰਾਵੀ ਦਰਿਆ ਵਹਿੰਦਾ ਹੈ, ਜਦੋਂ ਕਿ ਹੁਸ਼ਿਆਰਪੁਰ ਜ਼ਿਲੇ ਦੇ ਨਾਲ ਗੁਰਦਾਸਪੁਰ ਜ਼ਿਲੇ ’ਚੋਂ ਬਿਆਸ ਦਰਿਆ ਵਗਦਾ ਹੈ। ਇਹ ਦੋਵੇਂ ਦਰਿਆ ਹੀ ਬਹੁਤ ਅਹਿਮ ਹਨ, ਜਿਨ੍ਹਾਂ ’ਚ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਪਹਾੜਾਂ ’ਚੋਂ ਆਉਣ ਵਾਲਾ ਪਾਣੀ ਵੱਖ-ਵੱਖ ਡੈਮਾਂ ਰਾਹੀਂ ਹੋ ਕੇ ਦਰਿਆਵਾਂ ਰਾਹੀਂ ਅਗਾਂਹ ਹੋਰ ਸੂਬਿਆਂ ਨੂੰ ਜਾਂਦਾ ਹੈ।
ਜ਼ਿਲੇ ਅੰਦਰ 2023 ’ਚ ਵੀ ਬਿਆਸ ਦਰਿਆ ਦੇ ਕਿਨਾਰੇ ਬਣੀ ਧੁੱਸੀ ਟੁੱਟਣ ਕਾਰਨ ਅਨੇਕਾਂ ਪਿੰਡਾਂ ’ਚ ਪਾਣੀ ਨੇ ਵੱਡਾ ਨੁਕਸਾਨ ਕੀਤਾ ਸੀ ਅਤੇ ਹੁਣ ਦੋ ਸਾਲਾਂ ਬਾਅਦ ਰਾਵੀ ਦਰਿਆ ਨੇ ਵੱਡਾ ਕਹਿਰ ਢਾਇਆ ਹੈ, ਜਿਸ ਨਾਲ ਹਰ ਪਾਸੇ ਬਰਬਾਦੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬਿਆਸ ਦਰਿਆ ਤਕਰੀਬਨ ਹਰੇਕ ਸਾਲ ਹੀ ਬਰਸਾਤਾਂ ਦੇ ਦਿਨਾਂ ਵਿਚ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਵਿਚ ਵੱਡਾ ਨੁਕਸਾਨ ਕਰਦਾ ਹੈ। ਇਸ ਦੇ ਬਾਵਜੂਦ ਅਜੇ ਤੱਕ ਕਦੇ ਵੀ ਗੁਰਦਾਸਪੁਰ ਜ਼ਿਲੇ ਨੂੰ ਕੇਂਦਰ ਜਾਂ ਸੂਬਾ ਸਰਕਾਰਾਂ ਨੇ ਵਿਸ਼ੇਸ਼ ਪੈਕੇਜ ਨਹੀਂ ਦਿੱਤਾ, ਜਿਸ ਨਾਲ ਧੁੱਸੀ ਬੰਨ੍ਹਾਂ ਦੀ ਮੁਰੰਮਤ ਅਤੇ ਹੜ੍ਹਾਂ ਨੂੰ ਰੋਕਣ ਲਈ ਹੋਰ ਪ੍ਰਬੰਧ ਕੀਤੇ ਜਾ ਸਕਣ।
ਸਿਰਫ ਹਿਮਾਚਲ ’ਚ ਹੋਈ 45 ਫੀਸਦੀ ਜ਼ਿਆਦਾ ਬਾਰਿਸ਼ ਹੀ ਹੈ ਹੜ੍ਹਾਂ ਦੀ ਜ਼ਿੰਮੇਵਾਰ?
ਮੌਸਮ ਵਿਭਾਗ ਅਨੁਸਾਰ ਇਸ ਸਾਲ ਹਿਮਾਚਲ ’ਚ 45 ਫੀਸਦੀ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਕਾਰਨ ਸਿੱਧੇ ਤੌਰ ’ਤੇ ਪੰਜਾਬ ਨੂੰ ਆਉਂਦੇ ਦਰਿਆਵਾਂ ’ਚ ਪਾਣੀ ਦੀ ਮਾਤਰਾ ਵਧੀ ਹੈ ਅਤੇ ਪੰਜਾਬ ਵਿਚ ਬਣਾਏ ਗਏ ਵੱਖ-ਵੱਖ ਡੈਮ ਵੀ ਨੱਕੋ ਨੱਕ ਭਰਨ ਦੇ ਬਾਅਦ ਖੋਲ੍ਹਣੇ ਪਏ। ਪੰਜਾਬ ਦੇ ਬਹੁਤ ਸਾਰੇ ਲੋਕ ਅਤੇ ਵੱਖ-ਵੱਖ ਰਾਜਸੀ ਜਥੇਬੰਦੀਆਂ ਦੇ ਆਗੂ ਇਸ ਗੱਲ ਨੂੰ ਲੈ ਕੇ ਕਈ ਵਾਰ ਰੋਸ ਜ਼ਾਹਿਰ ਕਰ ਚੁੱਕੇ ਹਨ ਕਿ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਹੋਣ ਦੇ ਬਾਵਜੂਦ ਡੈਮਾਂ ਨੂੰ ਸਮੇਂ ਸਿਰ ਖਾਲੀ ਕਿਉਂ ਨਹੀਂ ਕੀਤਾ ਗਿਆ? ਇਸ ਦੇ ਨਾਲ ਹੀ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਵੱਖ-ਵੱਖ ਦਰਿਆਵਾਂ ’ਚ ਪਾਣੀ ਜ਼ਿਆਦਾ ਪਾਣੀ ਆਉਣ ਕਾਰ ਨੁਕਸਾਨ ਨੂੰ ਬਚਾਉਣ ਲਈ ਦਰਿਆਵਾਂ ਦੇ ਧੁੱਸੀ ਬੰਨ੍ਹ ਮਜ਼ਬੂਤ ਕਿਉਂ ਨਹੀਂ ਕੀਤੇ ਗਏ? ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਉਹ ਕਿਹਰੇ ਕਾਰਨ ਅਤੇ ਕਮੀਆਂ ਹਨ, ਜਿਨ੍ਹਾਂ ਦੀ ਬਦੌਲਤ ਆਏ ਦਿਨ ਧੁੱਸੀ ਬੰਨ੍ਹ ਟੁੱਟ ਜਾਂਦੇ ਹਨ ਅਤੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਪੈਂਦੀ ਹੈ?
ਧੁੱਸੀ ਬੰਨਾਂ ਨੂੰ ਕਮਜ਼ੋਰ ਕਰਦੇ ਹਨ ਰੇਤ ਬਜਰੀ ਨਾਲ ਭਰੇ ਟਿੱਪਰ
ਦਰਿਆਵਾਂ ਨੇੜੇ ਬਣੇ ਧੁੱਸੀ ਬੰਨ੍ਹਾਂ ਦੇ ਕੋਲ ਰਹਿੰਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਬਹੁਤ ਸਾਰੀਆਂ ਧੁੱਸੀਆਂ ਰਾਹੀਂ ਰੇਤ ਬੱਜਰੀ ਨਾਲ ਭਰੇ ਓਵਰਲੋਡ ਟਰੱਕ ਗੁਜਰਦੇ ਹਨ, ਜਿਸ ਕਾਰਨ ਹਰੇਕ ਸਾਲ ਹੀ ਧੁੱਸੀ ਬੰਨ੍ਹ ਕਮਜ਼ੋਰ ਹੋ ਜਾਂਦਾ ਹੈ। ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਬਹੁਤ ਵਾਰ ਯਤਨ ਕਰ ਕੇ ਬੰਨ੍ਹ ਦੀ ਰਿਪੇਅਰ ਕਰਦੇ ਹਨ ਤਾਂ ਜੋ ਬਰਸਾਤਾਂ ਦੇ ਦਿਨਾਂ ’ਚ ਬੰਨ ਨੂੰ ਕੋਈ ਖਤਰਾ ਨਾ ਹੋਵੇ ਅਤੇ ਉਹ ਹਾੜਾਂ ਦੀ ਮਾਰ ਤੋਂ ਬਚ ਸਕਣ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਨਿਰੰਤਰ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਧੁੱਸੀ ਬੰਨ੍ਹ ਦੀ ਸਮੇਂ ਸਿਰ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਹੁਣ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਲੋਕਾਂ ਵੱਲੋਂ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਮੁੱਚੇ ਪੰਜਾਬ ਅੰਦਰ ਹਰ ਸਾਲ ਹੁੰਦੇ ਹੜ੍ਹਾਂ ਕਾਰਨ ਨੁਕਸਾਨ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਵੱਖਰਾ ਬਜਟ ਰੱਖੇ ਅਤੇ ਸੂਬੇ ਅੰਦਰ ਸਾਰੇ ਮੁੱਖ ਦਰਿਆ ਅਤੇ ਬਰਸਾਤੀ ਨਾਲਿਆਂ ਦੇ ਕਿਨਾਰਿਆਂ ਨੂੰ ਮਜ਼ਬੂਤ ਅਤੇ ਉੱਚਾ ਕਰ ਕੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8