ਅੱਧੀ ਰਾਤ ਅਚਾਨਕ ਰਾਵੀ ਦਰਿਆ ਦਾ ਵਧਿਆ ਪਾਣੀ ਦਾ ਪੱਧਰ ਵੱਧਣ, ਪਿੰਡਾਂ ''ਚ ਮਚ ਗਈ ਹਫੜਾ-ਦਫੜੀ
Saturday, Aug 30, 2025 - 12:43 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਜੰਮੂ-ਕਸ਼ਮੀਰ ਦੇ ਕਠੂਆ ਵਿਚ ਬਦਲ ਫੱਟਣ ਕਾਰਨ ਪੰਜਾਬ ਦੀ ਉਝ ਅਤੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਧੀ ਰਾਤ ਨੂੰ ਸਾਰੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਅਲਰਟ ਜਾਰੀ ਹੋਣ ਉਪਰੰਤ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਦੇ ਗੁਰਦੁਆਰਿਆਂ ਅਤੇ ਮੰਦਰਾਂ ਵਿਚੋਂ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਆ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ
ਕਰੀਬ ਰਾਤ 1 ਵਜੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਕਈ ਪਰਿਵਾਰ, ਜੋ ਉਸ ਵੇਲੇ ਘਰਾਂ 'ਚ ਸੁੱਤੇ ਹੋਏ ਸਨ, ਉਨ੍ਹਾਂ ਨੂੰ ਪਿੰਡਾਂ ਦੇ ਮੋਤਬਾਰਾਂ ਵੱਲੋਂ ਇਕੱਠੇ ਹੋ ਕੇ ਟਰਾਲੀਆਂ ਰਾਹੀਂ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਗਿਆ। ਇਸ ਕਾਰਨ ਬਹੁਤ ਸਾਰੇ ਲੋਕਾਂ ਨੇ ਪੂਰੀ ਰਾਤ ਆਪਣੇ ਘਰਾਂ ਤੋਂ ਬਾਹਰ ਬਿਤਾਈ। ਲੋਕ ਪਹਿਲਾਂ ਹੀ ਹਾਲੀਆ ਹੜ੍ਹ ਕਾਰਨ ਡਰੇ ਹੋਏ ਸਨ, ਜਿਸ ਕਾਰਨ ਮੁੜ ਅਨਾਊਂਸਮੈਂਟਾਂ ਹੋਣ ਨਾਲ ਡਰ ਦਾ ਮਾਹੌਲ ਹੋਰ ਵੱਧ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ
ਦੂਜੇ ਪਾਸੇ, ਪ੍ਰਸ਼ਾਸਨ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਜ਼ਰੂਰ ਡੇਢ ਲੱਖ ਕਿਊਸਿਕ ਤੋਂ ਉੱਪਰ ਦਰਜ ਕੀਤਾ ਗਿਆ ਹੈ, ਪਰ ਇਸ ਨਾਲ ਕਿਸੇ ਵੀ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਨਹੀਂ ਬਣਦੀ। ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਦਿਨਾਂ ਜਦੋਂ ਰਾਵੀ ਦਰਿਆ ਵਿਚ ਹੜ੍ਹ ਆਇਆ ਸੀ, ਉਸ ਸਮੇਂ ਪਾਣੀ ਦਾ ਪੱਧਰ ਲਗਭਗ ਸਾਢੇ ਚਾਰ ਲੱਖ ਕਿਊਸਿਕ ਦਰਜ ਕੀਤਾ ਗਿਆ ਸੀ, ਜਿਸ ਕਾਰਨ 15 ਤੋਂ 16 ਕਿਲੋਮੀਟਰ ਤੱਕ ਦੇ ਇਲਾਕੇ ਪ੍ਰਭਾਵਿਤ ਹੋਏ ਸਨ।
ਇਸ ਸਬੰਧੀ ਐਸ.ਡੀ.ਐਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦਾ ਪੱਧਰ ਵਧਿਆ ਸੀ, ਪਰ ਸਾਰੀ ਸਥਿਤੀ ਕੰਟਰੋਲ ਵਿੱਚ ਹੈ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਝੂਠੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਪਾਣੀ ਸੰਬੰਧੀ ਹਰ ਹਾਲਾਤ ’ਤੇ ਪਲ-ਪਲ ਨਜ਼ਰ ਰੱਖੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8