ਨੀਲੇ ਕਾਰਡ ਹੋਲਡਰ ਪਰਿਵਾਰਾਂ ਨੇ ਕਣਕ ਨਾ ਮਿਲਣ ’ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Saturday, Nov 24, 2018 - 05:07 AM (IST)

ਬਟਾਲਾ, (ਗੋਰਾਇਆ)- ਪਿਛਲੀ ਸਰਕਾਰ ਸਮੇਂ ਪਿੰਡ ਬਿਜਲੀਵਾਲ ਦੇ ਗਰੀਬ ਵਰਗ ਦੇ ਲੋਕਾਂ ਨੂੰ ਸਸਤਾ ਰਾਸ਼ਨ ਲੈਣ ਲਈ ਨੀਲੇ ਕਾਰਡ ਬਣਾਏ ਗਏ ਸਨ ਪਰ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਸਸਤਾ ਰਾਸ਼ਨ ਮਿਲਣਾ ਬੰਦ ਹੋਇਆ ਪਿਆ ਹੈ, ਜਿਸ ਨਾਲ ਗਰੀਬ ਪਰਿਵਾਰਾਂ ’ਚ ਹਾਹਾਕਾਰ ਮਚੀ ਹੋਈ ਹੈ ਤੇ ਉਨ੍ਹਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਅੱਜ ਇਸ ਸਬੰਧ ’ਚ ਪਿੰਡ ਬਿਜਲੀਵਾਲ ਦੇ ਨੀਲੇ ਕਾਰਡ ਹੋਲਡਰਾਂ ਦੀ ਹਾਜ਼ਰੀ ਮੌਕੇ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਗੁਰਜੀਤ ਸਿੰਘ ਬਿਜਲੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪਿੰਡ ਦੇ ਕੁੱਲ 244 ਨੀਲੇ ਕਾਰਡ ਹੋਲਡਰ ਹਨ, ਜਿਨ੍ਹਾਂ ’ਚੋਂ 213 ਕਾਰਡ ਮਰਦ ਤੇ 31 ਅੌਰਤਾਂ ਦੇ ਬਣੇ ਹੋਏ ਹਨ ਅਤੇ ਅਪ੍ਰੈਲ 2017 ਤੋਂ ਸਤੰਬਰ 2017 ਦੌਰਾਨ 292.20 ਕੁਇੰਟਲ ਲਾਭਪਾਤਰੀਆਂ ਲਈ ਕਣਕ ਆਈ ਹੈ ਪਰ ਡਿਪੂ ਹੋਲਡਰ ਨਰਿੰਦਰਪਾਲ ਸਿੰਘ ਵਾਸੀ ਕਿਲਾ ਲਾਲ ਸਿੰਘ ਵੱਲੋਂ ਸਿਆਸੀ ਦਬਾਅ ਹੇਠ 55 ਕਾਰਡ ਹੋਲਡਰਾਂ ਨੂੰ ਕਣਕ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨਾਲ ਉਸ ਸਮੇਂ ਸਭ ਤੋਂ ਵੱਡੀ ਠੱਗੀ ਹੋਈ, ਜਦੋਂ ਮਹਿਕਮੇ ਦੇ ਅਧਿਕਾਰੀਆਂ ਨੇ ਪਿੰਡ ਆ ਕੇ ਪੈਸੇ ਲੈ ਕੇ ਪਰਚੀਆਂ ਕੱਟ ਦਿੱਤੀਆਂ ਪਰ 3-4 ਮਹੀਨੇ ਲੰਘਣ ਦੇ ਬਾਵਜੂਦ ਵੀ ਕਣਕ ਨਹੀਂ ਦਿੱਤੀ ਗਈ, ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਘਰਾਂ ਦੀ ਰੋਜ਼ੀ-ਰੋਟੀ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 2017 ਤੋਂ ਜਦੋਂ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਕਣਕ ਦਾ ਬਣਦਾ ਬਕਾਇਆ ਦਿੱਤਾ ਜਾਵੇ ਅਤੇ ਹੁਣ ਕੱਟੀਆਂ ਪਰਚੀਆਂ ਦੀ ਕਣਕ ਦਿੱਤੀ ਜਾਵੇ। ਇਸ ਮੌਕੇ ਗਰੀਬ ਪਰਿਵਾਰਾਂ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਦੀਆਂ ਪਰਚੀਆਂ ਵਿਭਾਗ ਵੱਲੋਂ ਕੱਟੀਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਕਣਕ ਦਿੱਤੀ ਜਾਵੇ ਅਤੇ ਡਿਪੂ ਹੋਲਡਰ ’ਤੇ ਬਣਦੀ ਕਾਰਵਾਈ ਕੀਤੀ ਜਾਵੇ, ਜਦੋਂ ਇਸ ਸਬੰਧ ’ਚ ਡਿਪੂ ਹੋਲਡਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਇਸ ਮੌਕੇ ਕਾਰਡ ਹੋਲਡਰ ਨਰਿੰਦਰ ਸਿੰਘ, ਧੰਨਾ ਸਿੰਘ, ਸੁੱਚਾ ਸਿੰਘ, ਬਲਜਿੰਦਰ ਸਿੰਘ, ਸਵਰਾਜ ਸਿੰਘ, ਬਲਵਿੰਦਰ ਸਿੰਘ, ਜਸਵੰਤ ਕੌਰ, ਸੁਰਜੀਤ ਸਿੰਘ, ਦਿਲਬਾਗ ਸਿੰਘ, ਗਗਨਦੀਪ ਸਿੰਘ, ਸਵਰਨ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ, ਧਰਨੀ, ਪਰਮਜੀਤ ਕੌਰ, ਲਕਸ਼ਮਣ ਸਿੰਘ, ਰੂਪ ਸਿੰਘ, ਸਰੂਪ ਸਿੰਘ, ਮੰਗਲ ਸਿੰਘ, ਹਰਵੰਤ ਸਿੰਘ, ਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਸਰਬਜੀਤ ਸਿੰਘ, ਸਵਿੰਦਰ ਕੌਰ, ਕੁਲਵੰਤ ਕੌਰ, ਕੁਲਵਿੰਦਰ ਕੌਰ, ਤੀਰਥ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।