ਗਰਮੀ ’ਚ ਦਵਾਈਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨੇ ਜ਼ਰੂਰੀ
Monday, Jun 09, 2025 - 04:28 PM (IST)

ਤਲਵੰਡੀ ਭਾਈ (ਪਾਲ) : ਦਵਾਈਆਂ ਵੇਚਣ ਦੇ ਕਾਨੂੰਨ ਡਰੱਗ ਅਤੇ ਕਾਸਮੈਟਿਕ ਐਕਟ 1940 ਅਨੁਸਾਰ ਵੱਖ-ਵੱਖ ਦਵਾਈਆਂ ਨੂੰ ਸਟੋਰ ਕਰਨ ਲਈ ਸਹੀ ਤਾਪਮਾਨ ਦੇ ਮਾਤਦੰਡ ਕਾਫੀ ਸਮਾਂ ਪਹਿਲਾ ਨਿਰਧਾਰਤ ਕੀਤੇ ਗਏ ਸਨ। ਦਵਾਈ ਵੇਚਣ ਲਈ ਜਾਰੀ ਕੀਤੇ ਜਾਣ ਵਾਲੇ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਕੈਮਿਸਟ ਲਈ ਦਵਾਈਆਂ ਨੂੰ ਸਹੀ ਤਾਪਮਾਨ 'ਤੇ ਰੱਖਣ ਦੇ ਯੋਗ ਪ੍ਰਬੰਧ ਕਰਨੇ ਅਤਿ-ਜ਼ਰੂਰੀ ਹਨ ਪਰ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਏਅਰ ਕੰਡੀਸ਼ਨ ਲਗਾਉਣ ਲਈ ਮਿੱਥੀਆਂ ਤਾਰੀਖ਼ਾਂ ਲੰਘ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਸਪੱਸ਼ਟ ਨਿਰਦੇਸ਼ ਨਾ ਹੋਣ ਦੇ ਚੱਲਦਿਆਂ ਕਈ ਪਿੰਡਾਂ ਵਿਚ ਬੈਠੇ ਕੈਮਿਸਟਾਂ ਦਰਮਿਆਨ ਕਈ ਦੁਚਿੱਤੀ ਅਤੇ ਸ਼ੰਕੇ ਪਾਏ ਜਾ ਰਹੇ ਹਨ।
ਇਸ ਹੁਕਮ ਦਾ ਪਾਲਣ ਕਰਵਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਦੇ ਹੁਕਮ ਇੰਨ-ਬਿੰਨ ਲਾਗੂ ਹਨ, ਜਦਕਿ ਕੁੱਝ ਕੈਮਿਸਟ ਉਨ੍ਹਾਂ ਹੁਕਮਾਂ ਨੂੰ ਠੰਡੇ ਬਸਤੇ ਵਿਚ ਪਿਆ ਸਮਝ ਰਹੇ ਹਨ। ਇਸ ਸਬੰਧੀ ਸਪੱਸ਼ਟ ਨਿਰਦੇਸ਼ ਨਾ ਹੋਣ ਕਾਰਨ ਪੇਂਡੂ ਇਲਾਕੇ ਦੀਆਂ ਜ਼ਿਆਦਾਤਰ ਦੁਕਾਨਾਂ ਅਜੇ ਏਅਰ ਕੰਡੀਸ਼ਨ ਤੋਂ ਵਾਂਝੀਆਂ ਹੀ ਹਨ। ਇਸ ਕਾਰਨ ਕਈ ਮਹਿੰਗੀਆਂ ਦਵਾਈਆਂ ਵੀ ਸੁਰੱਖਿਅਤ ਨਹੀਂ ਹਨ। ਪਰ ਦੂਜੇ ਪਾਸੇ ਪਿੰਡਾਂ ਵਿਚ ਬੈਠੇ ਛੋਟੇ ਕੈਮਿਸਟਾਂ ਨੇ ਸਰਕਾਰ ਦੇ ਇਸ ਹੁਕਮ ਨੂੰ ਛੋਟੇ ਦੁਕਾਨਦਾਰਾਂ ਲਈ ਘਾਤਕ ਕਰਾਰ ਦਿੰਦੇ ਹੋਏ ਆਖਿਆ ਕਿ ਫੈਕਟਰੀਆਂ ਵਿਚ ਦਵਾਈਆਂ ਤਿਆਰ ਹੋਣ ਤੋਂ ਉਪਰੰਤ ਮੈਡੀਕਲ ਸਟੋਰਾਂ ਉੱਪਰ ਪਹੁੰਚਣ ਤੱਕ ਪਤਾ ਨਹੀਂ ਕਿੰਨੇ-ਕਿੰਨੇ ਮਹੀਨੇ ਰਸਤੇ ਵਿਚ ਅੰਤਾਂ ਦੇ ਤਾਪਮਾਨ ਵਿਚ ਰੁਲਦੀਆਂ ਹਨ, ਉਸ ਵਕਤ ਸਰਕਾਰ ਦੇ ਨਿਯਮ ਕਿੱਥੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਵੈਸੇ ਤਾਂ ਲਗਭਗ ਲੋੜੀਂਦੀਆਂ ਦਵਾਈਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਰੇ ਕੈਮਿਸਟਾਂ ਕੋਲੋਂ ਫਰਿੱਜਾਂ ਦਾ ਢੁੱਕਵਾਂ ਪ੍ਰਬੰਧ ਹੈ ਅਤੇ ਜੇਕਰ ਫਿਰ ਵੀ ਸਰਕਾਰ ਦੇ ਹੁਕਮਾਂ ਮੁਤਾਬਕ ਏ. ਸੀ .ਲਗਵਾ ਵੀ ਲਈਏ ਤਾਂ ਬਿਜਲੀ ਦੇ ਲੱਗਣ ਵਾਲੇ ਕੱਟਾਂ ਦੌਰਾਨ ਸਾਡੀਆਂ ਦੁਕਾਨਾਂ 'ਤੇ ਲੱਗੇ ਏ. ਸੀ. ਸਿਰਫ ਇਕ ਖਿਡੌਣਾ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਸੂਬਿਆਂ ਦਾ ਮੌਸਮ ਵੀ ਤਾਂ ਬਿਲਕੁਲ ਪੰਜਾਬ ਵਰਗਾ ਹੀ ਹੈ, ਪਰ ਉਥੋਂ ਦੀਆਂ ਸਰਕਾਰਾਂ ਨੇ ਕੈਮਿਸਟਾਂ ਉੱਪਰ ਇਹ ਏ. ਸੀ. ਲਗਵਾਉਣ ਦੀ ਤਲਵਾਰ ਬਿਲਕੁਲ ਨਹੀਂ ਲਟਕਾਈ ਅਤੇ ਉਥੇ ਅਜਿਹਾ ਕਾਨੂੰਨ ਲਾਗੂ ਨਹੀਂ ਕੀਤਾ ਹੈ।