ਮਕੌੜਾ ਪੱਤਣ ਤੋਂ ਪਲਟੂਨ ਪੁਲ ਚੁੱਕਿਆ, ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਲਈ ਇਕ ਕਿਸ਼ਤੀ ਦਾ ਸਹਾਰਾ
Friday, Jun 28, 2024 - 02:58 AM (IST)
ਦੀਨਾਨਗਰ/ਬਹਿਰਾਮਪੁਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਤੋਂ ਰਾਵੀ ਦਰਿਆ ਦੇ ਪਾਰਲੇ ਪਾਸੇ ਵਸੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਲਈ ਬਣਾਇਆ ਗਿਆ ਪਲਟੂਨ ਪੁਲ ਨੂੰ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ’ਚ ਬਾਰਿਸ਼ ਨੂੰ ਮੁੱਖ ਰੱਖਦੇ ਹੋਏ ਚੁੱਕ ਲਿਆ ਗਿਆ ਹੈ ਅਤੇ ਲੋਕਾਂ ਦੇ ਆਉਣ ਜਾਣ ਲਈ ਇਕ ਕਿਸ਼ਤੀ ਦਾ ਸਹਾਰਾ ਹੀ ਰਹਿ ਗਿਆ ਹੈ।
ਇਸ ਮੌਕੇ ਪਾਰਲੇ ਪਾਸੇ ਵਸੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਕਰੀਬ ਤਿੰਨ ਮਹੀਨੇ ਦੇ ਸਮੇਂ ਉਪਰੰਤ ਇਹ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਅਤੇ ਹੁਣ ਬਾਰਿਸ਼ ਦੇ ਸਮੇਂ ਦੌਰਾਨ ਸਿਰਫ ਇਕ ਕਿਸ਼ਤੀ ਦਾ ਸਹਾਰਾ ਹੀ ਉਨ੍ਹਾਂ ਦੇ ਆਉਣ-ਜਾਣ ਲਈ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਰਸਾਤਾਂ ਦੇ ਦਿਨਾਂ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਆਉਣ-ਜਾਣ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਕਿਸ਼ਤੀ ਦੀ ਉਡੀਕ ਕਰਨੀ ਪੈਂਦੀ ਹੈ। ਜੇਕਰ ਅਚਾਨਕ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਕਈ ਦਿਨ ਇਹ ਕਿਸ਼ਤੀ ਨਹੀਂ ਚਲਦੀ, ਜਿਸ ਕਾਰਨ ਲੋਕਾਂ ਨੂੰ ਪਾਰਲੇ ਪਾਸੇ ਹੀ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ।
ਲੋਕਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਰਾਤ ਸਮੇਂ ਕੋਈ ਮੁਸ਼ਕਲ ਆ ਜਾਂਦੀ ਹੈ ਤਾਂ ਸਿਰਫ ਇਕ ਰੱਬ ਦਾ ਹੀ ਸਹਾਰਾ ਹੈ ਕਿਉਂਕਿ ਕਿਸ਼ਤੀ ਸਵੇਰੇ 9 ਤੋਂ 5 ਵਜੇ ਤੱਕ ਹੀ ਚਲਦੀ ਹੈ, ਉਸ ਤੋਂ ਬਾਅਦ ਆਉਣ-ਜਾਣ ਦਾ ਕੋਈ ਸਾਧਨ ਨਹੀਂ ਹੈ। ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਹੀ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਕਿ ਸਾਨੂੰ ਆਉਣ ਜਾਣ ’ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e