17 ਕਰੋੜ ਦੀ ਲਾਗਤ ਨਾਲ ਐਮਰਜੈਂਸੀ ਵਾਰਡ ਇਮਾਰਤ ਦੀ ਹੋਵੇਗੀ ਮੁੜ ਤੋਂ ਉਸਾਰੀ
Friday, Apr 07, 2023 - 11:35 AM (IST)

ਤਰਨਤਾਰਨ (ਰਮਨ ਚਾਵਲਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ ਮੌਜੂਦ ਐਮਰਜੈਂਸੀ ਵਾਰਡ ਦੀ ਇਮਾਰਤ ਨੂੰ ਢਹਿ ਢੇਰੀ ਕਰਦੇ ਹੋਏ 17 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਬਣਾਉਣ ਦੀ ਮਨਜ਼ੂਰੀ ਸਰਕਾਰ ਵਲੋਂ ਜਾਰੀ ਕਰ ਦਿੱਤੀ ਗਈ ਹੈ, ਜਿਸ ਸਬੰਧੀ ਮਈ ਮਹੀਨੇ ਦੀ ਸ਼ੁਰੂਆਤ ’ਚ ਕੰਮਕਾਜ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਣ ਵਾਲੀ ਇਮਾਰਤ ’ਚ ਕ੍ਰਿਟੀਕਲ ਕੇਅਰ ਯੂਨਿਟ, ਬਲੱਡ ਬੈਂਕ ਅਤੇ ਲੋਕਾਂ ਦੀ ਸਹੂਲਤ ਲਈ ਲੈਬੋਰਟਰੀ ਮੌਜੂਦ ਰਹੇਗੀ, ਜੋ ਆਯੁਸ਼ਮਾਨ ਭਾਰਤ ਮਿਸ਼ਨ ਸਕੀਮ ਤਹਿਤ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਸੰਭਾਵਿਤ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਜਾਰੀ
ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੁਸ਼ਮਾਨ ਭਾਰਤ ਮਿਸ਼ਨ ਸਕੀਮ ਦੇ ਅਧੀਨ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮੌਜੂਦ ਐਮਰਜੈਂਸੀ ਵਾਰਡ ਦੀ ਇਮਾਰਤ ਨੂੰ ਤੋੜਦੇ ਹੋਏ ਹੋਰ ਵੱਧ ਜਗ੍ਹਾ ਨੂੰ ਸ਼ਾਮਲ ਕਰਨ ਉਪਰੰਤ ਚਾਰ ਮੰਜ਼ਿਲਾਂ ਬਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਸਬੰਧੀ ਸਰਕਾਰ ਵਲੋਂ ਨਕਸ਼ੇ ਵੀ ਮਨਜ਼ੂਰ ਕਰ ਲਏ ਗਏ ਹਨ। ਸਰਕਾਰ ਵਲੋਂ ਇਹ ਕਦਮ ਪੁਰਾਣੇ ਸਮੇਂ ਵਿਚ ਕੋਰੋਨਾ ਕਾਲ ਦੌਰਾਨ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਇਲਾਜ ਕਰਵਾਉਣ ਸਬੰਧੀ ਆਈਆਂ ਭਾਰੀ ਦਿੱਕਤਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਕੀਤੀ ਗਈ ਲੁੱਟ ਨੂੰ ਵੇਖਦੇ ਹੋਏ ਚੁੱਕਿਆ ਗਿਆ ਹੈ, ਜਿਸ ਤਹਿਤ ਦੇਸ਼ ਭਰ ਦੇ ਹਰ ਜ਼ਿਲੇ ਵਿਚ ਅਜਿਹਾ ਕ੍ਰਿਟੀਕਲ ਕੇਅਰ ਯੂਨਿਟ, ਜਿਸ ਵਿਚ ਐਮਰਜੈਂਸੀ ਹਾਲਾਤਾਂ ਦੌਰਾਨ ਮਰੀਜ਼ ਦਾ ਮਾਹਿਰ ਡਾਕਟਰਾਂ ਵਲੋਂ ਪੂਰਾ ਇਲਾਜ ਮੁਫ਼ਤ ਕੀਤਾ ਜਾਵੇਗਾ, ਸਬੰਧੀ ਇਮਾਰਤਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਟਾਂਡਾ ਵਿਖੇ ਵਾਪਰੀ ਵੱਡੀ ਵਾਰਦਾਤ, ਪੇਟੀ 'ਚੋਂ ਮਿਲੀ ਔਰਤ ਦੀ ਲਾਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਉੱਥੇ ਗੰਭੀਰ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਜ਼ਿਲਾ ਪੱਧਰ ਉੱਪਰ ਨਵੇਂ ਖੋਲੇ ਜਾ ਰਹੇ ਕ੍ਰਿਟੀਕਲ ਕੇਅਰ ਯੂਨਿਟ ਕਾਫ਼ੀ ਜ਼ਿਆਦਾ ਲਾਭਦਾਇਕ ਸਾਬਤ ਹੋਣਗੇ। ਡਾਕਟਰ ਸੋਹਲ ਨੇ ਦੱਸਿਆ ਕਿ 2012 ਦੌਰਾਨ ਉਸ ਵੇਲੇ ਦੀ ਸਰਕਾਰ ਵਲੋਂ ਪੰਜਾਬ ਭਰ ਅੰਦਰ ਅਜਿਹੇ ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਉਹ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਪਾਏ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਜ਼ਿਲਾ ਪੱਧਰ ਉੱਪਰ ਅਜਿਹੇ ਮੈਡੀਕਲ ਪ੍ਰੋਜੈਕਟ ਦੀ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਲੋੜ ਸੀ, ਜੋ ਹੁਣ ਜਲਦ ਪੂਰੀ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਰ ਸਕੋਗੇ ਇਟਲੀ-ਕੈਨੇਡਾ ਲਈ ਉਡਾਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।