ਸਰਹੱਦੀ ਖੇਤਰ ਦੇ ਪਿੰਡ ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨਘਾਟ ਦੀ ਬਦਹਾਲੀ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ
Sunday, Aug 02, 2026 - 08:34 AM (IST)
ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਦੇ ਪਿੰਡ ਨਰੋਟ ਜੈਮਲ ਸਿੰਘ ਤੋਂ ਇੱਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨ ਘਾਟ ਦੀ ਬਦਹਾਲ ਹਾਲਤ ਨੇ ਇੱਕ ਵਾਰ ਫਿਰ ਵਿਕਾਸ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀਤੇ ਦਿਨ ਇੱਕ ਪਰਿਵਾਰ ਨੂੰ ਆਪਣੇ ਜੀ ਦਾ ਅੰਤਿਮ ਸੰਸਕਾਰ ਅਜਿਹੀਆਂ ਮਜਬੂਰੀ ਵਾਲੀਆਂ ਹਾਲਤਾਂ ਵਿੱਚ ਕਰਨਾ ਪਿਆ ਕਿ ਸ਼ਮਸ਼ਾਨ ਘਾਟ ਵਿੱਚ ਮੀਂਹ ਦਾ ਪਾਣੀ ਖੜ੍ਹਾ ਸੀ, ਜਦਕਿ ਸੰਸਕਾਰ ਵਾਲੀ ਥਾਂ ਦੀ ਛੱਤ ਬੁਰੀ ਤਰ੍ਹਾਂ ਖਸਤਾ ਹਾਲਤ ਹੋਣ ਕਾਰਨ ਮੀਂਹ ਦਾ ਪਾਣੀ ਸਿੱਧਾ ਮ੍ਰਿਤਕ ਦੇਹ ਉੱਪਰ ਡਿੱਗ ਰਿਹਾ ਸੀ। ਪਰਿਵਾਰ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਿਹਾਰ ਪੇਪਰ ਲੀਕ ਮਾਮਲੇ 'ਚ ਵੱਡੀ ਕਾਰਵਾਈ, ਬਾਇਓਮੈਟ੍ਰਿਕ ਸੁਪਰਵਾਈਜ਼ਰ ਸਮੇਤ 3 ਗ੍ਰਿਫ਼ਤਾਰ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਸਾਰੀਆਂ ਲੱਕੜਾਂ ਭਿੱਜ ਚੁੱਕੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵਸ ਸ਼ਮਸ਼ਾਨ ਘਾਟ ਅੰਦਰ ਬਣੇ ਪੁਰਾਣੇ ਵਿਸ਼ਰਾਮ ਘਰ ਵਿੱਚ ਅੰਤਿਮ ਸੰਸਕਾਰ ਕਰਨਾ ਪਿਆ। ਉਨ੍ਹਾਂ ਆਰੋਪ ਲਾਇਆ ਕਿ ਹਿੰਦੂ ਰੀਤੀ-ਰਿਵਾਜ ਅਨੁਸਾਰ ਲੱਕੜਾਂ ਨਾਲ ਸੰਸਕਾਰ ਹੋਣਾ ਚਾਹੀਦਾ ਸੀ, ਪਰ ਹਾਲਾਤ ਇੰਨੇ ਮਾੜੇ ਸਨ ਕਿ ਚਿਖਾ ਨੂੰ ਅੱਗ ਦੇਣ ਲਈ ਕਰੀਬ 40 ਲੀਟਰ ਡੀਜ਼ਲ ਦੀ ਵਰਤੋਂ ਕਰਨੀ ਪਈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸੌ ਸਾਲ ਪੁਰਾਣੇ ਸ਼ਮਸ਼ਾਨਘਾਟ ਦੀ ਅੱਜ ਤੱਕ ਢੰਗ ਨਾਲ ਮੁਰੰਮਤ ਨਹੀਂ ਕਰਵਾਈ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮ੍ਰਿਤਕ ਦੇ 13 ਦਿਨਾਂ ਦੇ ਭੋਗ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਚੱਕਾ ਜਾਮ ਅਤੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸ਼ਮਸ਼ਾਨ ਘਾਟ ਦੀ ਹਾਲਤ ਬਿਲਕੁਲ ਖੰਡਰ ਵਰਗੀ ਬਣ ਚੁੱਕੀ ਹੈ। ਅੰਤਿਮ ਸੰਸਕਾਰ ਵਾਲੀ ਥਾਂ ਦੀ ਛੱਤ ਜਰਜਰ ਹੋ ਚੁੱਕੀ ਹੈ, ਚਾਰ ਦੀਵਾਰੀ ਟੁੱਟੀ ਹੋਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਸਮੇਤ ਕੋਈ ਬੁਨਿਆਦੀ ਸਹੂਲਤ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਰੀਬ 7 ਤੋਂ 11 ਹਜ਼ਾਰ ਦੀ ਆਬਾਦੀ ਵਾਲੇ ਨਰੋਟ ਜੈਮਲ ਸਿੰਘ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਣ ਦੇ ਬਾਵਜੂਦ ਲੋਕਾਂ ਨੂੰ ਇੱਕ ਸੁਰੱਖਿਅਤ ਅਤੇ ਸੁਵਿਧਾਜਨਕ ਸ਼ਮਸ਼ਾਨ ਘਾਟ ਵੀ ਨਸੀਬ ਨਹੀਂ ਹੋਇਆ, ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
