ਸਰਹੱਦੀ ਖੇਤਰ ਬਮਿਆਲ ਦਾ ਜਲਾਲੀ ਦਰਿਆ ਉਛਲਿਆ, ਕਈ ਏਕੜ ਫਸਲਾਂ ਪਾਣੀ ਦੀ ਲਪੇਟ ''ਚ

Wednesday, Jul 22, 2026 - 04:44 AM (IST)

ਸਰਹੱਦੀ ਖੇਤਰ ਬਮਿਆਲ ਦਾ ਜਲਾਲੀ ਦਰਿਆ ਉਛਲਿਆ, ਕਈ ਏਕੜ ਫਸਲਾਂ ਪਾਣੀ ਦੀ ਲਪੇਟ ''ਚ

ਬਮਿਆਲ/ਭੋਆ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਬਮਿਆਲ ਵਿੱਚ ਬਰਸਾਤ ਦਾ ਪਹਿਲਾ ਵੱਡਾ ਹੜ੍ਹ ਦੇਖਣ ਨੂੰ ਮਿਲਿਆ। ਭਾਰੀ ਬਰਸਾਤ ਤੋਂ ਬਾਅਦ ਜਲਾਲੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਅਤੇ ਦਰਿਆ ਨੇ ਇੱਕ ਵਾਰ ਫਿਰ ਆਪਣਾ ਰੌਦਰ ਰੂਪ ਧਾਰਨ ਕਰਦਿਆਂ ਨੇੜਲੇ ਖੇਤਾਂ ਅਤੇ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਦਰਿਆ ਦੇ ਨਾਲ ਲੱਗਦੇ ਕਈ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖਦਸ਼ਾ ਬਣ ਗਿਆ ਹੈ।

ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਏ ਗਏ ਸੋਲਰ ਪੰਪ, ਟਿਊਬਵੈਲ ਅਤੇ ਹੋਰ ਖੇਤੀਬਾੜੀ ਸਾਮਾਨ ਵੀ ਪਾਣੀ ਦੀ ਲਪੇਟ ਵਿੱਚ ਆ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਬਰਸਾਤ ਜਾਰੀ ਰਹੀ ਅਤੇ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਇਲਾਕੇ ਵਿੱਚ ਵੱਡੇ ਪੱਧਰ ’ਤੇ ਫਸਲਾਂ ਅਤੇ ਖੇਤੀਬਾੜੀ ਸੰਦਾਂ ਦਾ ਨੁਕਸਾਨ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਜਲਾਲੀ ਦਰਿਆ ਨੇ ਸਰਹੱਦੀ ਖੇਤਰ ਬਮਿਆਲ, ਮੁੱਠੀ, ਰਮਕਾਲਮਾ ਸਮੇਤ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਸੀ। ਪਿਛਲੇ ਸਾਲ ਆਏ ਹੜ੍ਹ ਦੌਰਾਨ ਬਮਿਆਲ ਤੋਂ ਦੀਨਾਨਗਰ ਅਤੇ ਪਠਾਨਕੋਟ ਨੂੰ ਜਾਣ ਵਾਲੀ ਸੜਕ ’ਤੇ ਬਣੀ ਇੱਕ ਵੱਡੀ ਪੁਲੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਪ੍ਰਸ਼ਾਸਨ ਵੱਲੋਂ ਇਸ ਪੁਲੀ ਨੂੰ ਜਲਦ ਪੱਕੇ ਤੌਰ ’ਤੇ ਮੁਕੰਮਲ ਕਰਵਾ ਦਿੱਤਾ ਜਾਵੇਗਾ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਇਹ ਪੁਲੀ ਅਜੇ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕੀ।

ਜਦੋਂ ਜਲਾਲੀ ਦਰਿਆ ਵਿੱਚ ਮੁੜ ਪਾਣੀ ਦਾ ਪੱਧਰ ਵਧਿਆ ਤਾਂ ਪਾਣੀ ਪੁਲੀ ਦੇ ਰਸਤੇ ਵਿੱਚੋਂ ਲੰਘ ਗਿਆ, ਜਿਸ ਕਾਰਨ ਬਮਿਆਲ ਤੋਂ ਪਠਾਨਕੋਟ ਜਾਣ ਵਾਲਾ ਰਸਤਾ ਇੱਕ ਵਾਰ ਫਿਰ ਬੰਦ ਹੋ ਗਿਆ। ਸੜਕ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਮੰਗਵਾਲ ਮੋੜ, ਰਮਕਾਲਮਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਵੀ ਭਾਰੀ ਮਾਤਰਾ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਜਲਾਲੀ ਦਰਿਆ ਦੇ ਪਾਣੀ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲ ਹੋਏ ਨੁਕਸਾਨ ਤੋਂ ਬਾਅਦ ਜੇਕਰ ਪ੍ਰਸ਼ਾਸਨ ਵੱਲੋਂ ਪੁਲੀ ਦਾ ਕੰਮ ਸਮੇਂ ਸਿਰ ਮੁਕੰਮਲ ਕਰ ਦਿੱਤਾ ਜਾਂਦਾ ਤਾਂ ਅੱਜ ਲੋਕਾਂ ਨੂੰ ਮੁੜ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ।

ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਬਲਬੀਰ ਫਤਿਹਪੁਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬਮਿਆਲ ਦੇ ਨੇੜੇ ਥੋੜ੍ਹੇ ਜਿਹੇ ਖਰਚੇ ਨਾਲ ਬਣਨ ਵਾਲੀ ਇੱਕ ਪੁਲੀ ਨੂੰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁਕੰਮਲ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਪੁਲੀ ਦਾ ਕੰਮ ਪੂਰਾ ਕਰ ਦਿੱਤਾ ਹੁੰਦਾ ਤਾਂ ਅੱਜ ਬਮਿਆਲ ਅਤੇ ਪਠਾਨਕੋਟ ਵਿਚਕਾਰ ਆਵਾਜਾਈ ਮੁੜ ਬੰਦ ਨਾ ਹੁੰਦੀ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲੀ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।


author

Inder Prajapati

Content Editor

Related News